ਬਿਜਲੀ ਮੀਟਰਾਂ ਦੀ ਪ੍ਰਯੋਗਸ਼ਾਲਾ ਬਣ ਗਿਆ ਹੈ ਉੱਤਰ ਪ੍ਰਦੇਸ਼ : ਪ੍ਰਿਯੰਕਾ ਗਾਂਧੀ
Friday, Nov 06, 2020 - 12:06 PM (IST)
ਲਖਨਊ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ 'ਚ ਬਿਜਲੀ ਦੀਆਂ ਦਰਾਂ 'ਚ ਵਾਧਾ ਅਤੇ ਬਿਜਲੀ ਮੀਟਰ ਅੱਤਵਾਦ ਵਾਂਗ ਹਨ ਅਤੇ ਸੰਘਣੀ ਆਬਾਦੀ ਵਾਲਾ ਸੂਬਾ ਬਿਜਲੀ ਮੀਟਰਾਂ ਦੀ ਪ੍ਰਯੋਗਸ਼ਾਲਾ ਬਣ ਚੁੱਕਿਆ ਹੈ। ਪ੍ਰਿਯੰਕਾ ਨੇ ਜਾਰੀ ਬਿਆਨ 'ਚ ਕਿਹਾ ਕਿ ਪ੍ਰਦੇਸ਼ 'ਚ ਪਿਛਲੇ ਕੁਝ ਸਾਲਾਂ 'ਚ ਬਿਜਲੀ ਦਰਾਂ 'ਚ ਵਿਆਪਕ ਵਾਧਾ ਹੋਇਆ ਹੈ। ਪਿਛਲੇ 8 ਸਾਲਾਂ 'ਚ ਗ੍ਰਾਮੀਣ (ਪੇਂਡੂ) ਘਰੇਲੂ ਉਪਭੋਗਤਾਵਾਂ ਦੀਆਂ ਦਰਾਂ 'ਚ 500 ਫੀਸਦੀ, ਸ਼ਹਿਰੀ ਘਰੇਲੂ ਬਿਜਲੀ ਦੀਆਂ ਦਰਾਂ 'ਚ 84 ਫੀਸਦੀ ਅਤੇ ਕਿਸਾਨਾਂ ਨੂੰ ਮਿਲਣ ਵਾਲੀ ਬਿਜਲੀ ਦੀਆਂ ਦਰਾਂ 'ਚ 126 ਫੀਸਦੀ ਦਾ ਵਾਧਾ ਹੋਇਆ ਹੈ। ਪੂਰੇ ਪ੍ਰਦੇਸ਼ 'ਚ ਬਿਜਲੀ ਦੇ ਵਧਦੇ ਰੇਟ ਨਾਲ ਹਾਹਾਕਾਰ ਮਚਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤਾਂ ਬਿਜਲੀ ਮੀਟਰਾਂ ਲਈ ਪ੍ਰਯੋਗਸ਼ਾਲਾ ਬਣ ਗਿਆ ਹੈ। ਬਿਜਲੀ ਦੇ ਮੀਟਰ ਕਈ ਗੁਣਾ ਤੇਜ਼ ਚੱਲਦੇ ਪਾਏ ਗਏ ਹਨ। ਜਿਨ੍ਹਾਂ ਘਰਾਂ 'ਚ ਤਾਲੇ ਲੱਗੇ ਹੋਏ ਹਨ, ਬਿਜਲੀ ਦੀ ਕੋਈ ਖਪਤ ਨਹੀਂ ਹੋਈ ਹੈ, ਉਨ੍ਹਾਂ ਘਰਾਂ 'ਚ 7-8 ਹਜ਼ਾਰ ਰੁਪਏ ਤੱਕ ਬਿੱਲ ਆ ਰਿਹਾ ਹੈ। ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਤਾਂ ਇਹ ਵੀ ਦੇਖਿਆ ਗਿਆ ਕਿ ਬਿਨਾਂ ਬਿਜਲੀ ਦੇ ਮੀਟਰ ਲੱਗੇ ਹੀ ਬਿੱਲ ਆ ਗਏ।
ਪ੍ਰਿਯੰਕਾ ਨੇ ਕਿਹਾ ਕਿ ਜਨਤਾ ਮਹਿੰਗਾਈ ਦੀ ਮਾਰ ਤੋਂ ਪੀੜਤ ਹੈ। ਛੋਟੇ ਕਾਰੋਬਾਰੀਆਂ ਦਾ ਵਪਾਰ ਚੌਪਟ ਹੋ ਗਿਆ ਹੈ। ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਨਹੀਂ ਹੋ ਰਹੀ ਹੈ। ਹੜ੍ਹ ਅਤੇ ਕੁਦਰਤੀ ਆਫ਼ਤਾਵਾਂ ਦੀ ਸਥਿਤੀ 'ਚ ਉਨ੍ਹਾਂ ਦੀ ਕੋਈ ਮਦਦ ਨਹੀਂ ਹੁੰਦੀ, ਫਸਲ ਬੀਮਾ ਯੋਜਨਾ ਵੱਡੀਆਂ ਕੰਪਨੀਆਂ ਦੀ ਕਮਾਈ ਦਾ ਸਾਧਨ ਬਣ ਕੇ ਰਹਿ ਗਈ, ਅਜਿਹੀ ਸਥਿਤੀ 'ਚ ਬਿਜਲੀ ਦੀ ਲਗਾਤਾਰ ਵੱਧ ਰਹੀ ਕੀਮਤ, ਮੀਟਰਾਂ ਦੀ ਬੇਨਿਯਮੀ ਦੀ ਮਾਰ ਉਪਭੋਗਤਾ ਹੁਣ ਨਹੀਂ ਸਹਿ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ 'ਚ ਹੋਣਾ ਤਾਂ ਇਹ ਚਾਹੀਦਾ ਕਿ ਬਿਜਲੀ ਬਿੱਲ ਦੀਆਂ ਦਰਾਂ 'ਚ ਵੱਡੇ ਪੈਮਾਨੇ 'ਤੇ ਕਮੀ ਕਰ ਕੇ ਜਨਤਾ ਨੂੰ ਰਾਹਤ ਦਿੱਤੀ ਜਾਂਦੀ। ਕਿਸਾਨਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾਂਦੇ। ਬੁਨਕਰਾਂ, ਛੋਟੇ ਅਤੇ ਲਘੁ ਉਦਯੋਗਾਂ ਨੂੰ ਬਿਜਲੀ ਬਿੱਲ ਭੁਗਤਾਨ 'ਚ ਰਿਆਇਤ ਮਿਲਦੀ। ਪ੍ਰਿਯੰਕਾ ਨੇ ਕਿਹਾ ਕਿ ਕਾਂਗਰਸ ਉੱਤਰ ਪ੍ਰਦੇਸ਼ ਸਰਕਾਰ ਤੋਂ ਇਹ ਮੰਗ ਕਰਦੀ ਹੈ ਕਿ ਕਿਸਾਨਾਂ ਨੂੰ ਮਿਲ ਰਹੀ ਬਿਜਲੀ ਦਾ ਰੇਟ ਤੁਰੰਤ ਪ੍ਰਭਾਵ ਤੋਂ ਅੱਧਾ ਕੀਤਾ ਜਾਵੇ।
ਇਹ ਵੀ ਪੜ੍ਹੋ : ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'