ਕਰੋੜਾਂ ਦਾ ਮਾਲਕ ਨਿਕਲਿਆ ਬਿਜਲੀ ਕੰਪਨੀ ਦਾ ਇੰਜੀਨੀਅਰ, ਆਮਦਨ ਤੋਂ 3 ਗੁਣਾ ਵੱਧ ਜਾਇਦਾਦ

Tuesday, Jul 21, 2026 - 11:01 AM (IST)

ਕਰੋੜਾਂ ਦਾ ਮਾਲਕ ਨਿਕਲਿਆ ਬਿਜਲੀ ਕੰਪਨੀ ਦਾ ਇੰਜੀਨੀਅਰ, ਆਮਦਨ ਤੋਂ 3 ਗੁਣਾ ਵੱਧ ਜਾਇਦਾਦ

ਇੰਦੌਰ- ਲੋਕਾਯੁਕਤ ਪੁਲਸ ਨੇ ਸਰਕਾਰੀ ਖੇਤਰ ਦੀ ਮੱਧ ਪ੍ਰਦੇਸ਼ ਪੱਛਮੀ ਖੇਤਰ ਬਿਜਲੀ ਵੰਡ ਕੰਪਨੀ ਦੇ ਇਕ ਇੰਜੀਨੀਅਰ ਦੇ ਇੰਦੌਰ, ਧਾਰ ਅਤੇ ਮੁਰੈਨਾ ਸਥਿਤ ਟਿਕਾਣਿਆਂ 'ਤੇ ਮੰਗਲਵਾਰ ਨੂੰ ਛਾਪੇ ਮਾਰੇ ਅਤੇ ਉਨ੍ਹਾਂ ਦੇ ਤੇ ਪਰਿਵਾਰ ਨਾਲ ਜੁੜੀ ਕਰੀਬ 7.16 ਕਰੋੜ ਰੁਪਏ ਦੀਆਂ ਜਾਇਦਾਦਾਂ ਅਤੇ ਖਰਚਿਆਂ ਦਾ ਖੁਲਾਸਾ ਕੀਤਾ। ਲੋਕਾਯੁਕਤ ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਰਾਜੇਸ਼ ਸਹਾਏ ਨੇ ਦੱਸਿਆ ਕਿ ਬਿਜਲੀ ਵੰਡ ਕੰਪਨੀ ਦੇ ਇੰਦੌਰ ਸਥਿਤ ਹੈੱਡ ਕੁਆਰਟਰ 'ਚ ਸੁਪਰਡੈਂਟ ਇੰਜੀਨੀਅਰ ਸ਼ਿਵਰਾਮ ਸੇਮਿਲ ਖ਼ਿਲਾਫ਼ ਆਮਦਨ ਤੋਂ ਵਧ ਜਾਇਦਾਦ ਇਕੱਠੀ ਕਰਨ ਦੀ ਸ਼ਿਕਾਇਤ ਮਿਲੀ ਸੀ। 

ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਸੇਮਿਲ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਐਕਟ (ਸੋਧ) ਐਕਟ 2018 ਦੇ ਅਧੀਨ ਮਾਮਲਾ ਦਰਜ ਕਰ ਕੇ ਇੰਦੌਰ, ਧਾਰ ਅਤੇ ਮੁਰੈਨਾ ਜ਼ਿਲ੍ਹਿਆਂ 'ਚ 9 ਟਿਕਾਣਿਆਂ 'ਤੇ ਇਕੱਠੇ ਛਾਪੇ ਮਾਰੇ ਗਏ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਇੰਦੌਰ 'ਚ ਸੁਪਰਡੈਂਟ ਇੰਜੀਨੀਅਰ ਦਾ ਤਿੰਨ ਮੰਜ਼ਿਲਾ ਘਰ ਮਿਲਿਆ, ਜਿਸ ਦੀ ਕੀਮਤ 1.20 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸਹਾਏ ਅਨੁਸਾਰ ਸੇਮਿਲ ਦੇ ਪੁੱਤ, ਨੂੰਹ, ਜਵਾਈ ਤੇ ਹੋਰ ਕਰੀਬੀ ਰਿਸ਼ਤੇਦਾਰਾਂ ਦੇ ਨਾਂ 'ਤੇ ਧਾਰ ਜ਼ਿਲ੍ਹੇ ਦੇ ਪੀਥਮਪੁਰ ਅਤੇ ਉਜੈਨੀ ਉਦਯੋਗਿਕ ਖੇਤਰਾਂ 'ਚ ਟਰਾਂਸਫਾਰਮਰ ਨਿਰਮਾਣ ਅਤੇ ਬਿਜਲੀ ਉਪਕਰਣਾਂ ਨਾਲ ਜੁੜੀਆਂ ਵੱਖ-ਵੱਖ ਉਦਯੋਗਿਕ ਇਕਾਈਆਂ, ਪਲਾਟ ਅਤੇ ਨਿਰਮਾਣ ਅਧੀਨ ਕਾਰਖਾਨੇ ਮਿਲੇ ਹਨ, ਜਿਨ੍ਹਾਂ 'ਚ ਕਰੋੜਾਂ ਰੁਪਏ ਦਾ ਨਿਵੇਸ਼ ਹੋਣਾ ਪਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਇਨ੍ਹਾਂ ਲੋਕਾਂ ਦੇ ਇੰਦੌਰ 'ਚ ਕਈ ਵਪਾਰਕ ਦਫ਼ਤਰ, ਇਕ ਪਲਾਟ, ਇਕ ਇਲੈਕਟ੍ਰਿਕ ਕਾਰ ਅਤੇ ਮੁਰੈਨਾ 'ਚ ਇਕ ਦੋ ਮੰਜ਼ਿਲਾ ਘਰ ਵੀ ਮਿਲਿਆ ਹੈ। ਸਹਾਏ ਨੇ ਦੱਸਿਆ ਕਿ ਸੇਮਿਲ ਦੀ 33 ਸਾਲ ਦੀ ਸਰਕਾਰੀ ਸੇਵਾ ਦੌਰਾਨ ਕੁੱਲ ਤਨਖਾਹ ਲਗਭਗ 2 ਕਰੋੜ ਰੁਪਏ ਹੈ, ਜਦੋਂ ਕਿ ਮੁੱਢਲੀ ਜਾਂਚ 'ਚ ਉਨ੍ਹਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੁਆਰਾ 7.16 ਕਰੋੜ ਰੁਪਏ ਤੋਂ ਵੱਧ ਦੇ ਖਰਚੇ ਸਾਹਮਣੇ ਆਏ ਹਨ। ਪੁਲਸ ਸੁਪਰਡੈਂਟ ਨੇ ਕਿਹਾ,"ਇਹ ਖਰਚਾ ਇਕ ਸੁਪਰਡੈਂਟ ਇੰਜੀਨੀਅਰ ਦੀ ਤਨਖਾਹ ਆਮਦਨ ਤੋਂ ਤਿੰਨ ਗੁਣਾ ਵੱਧ ਹੈ।" ਸਹਾਏ ਨੇ ਅੱਗੇ ਕਿਹਾ ਕਿ ਛਾਪਿਆਂ 'ਚ ਬਰਾਮਦ ਕੀਤੇ ਗਏ ਦਸਤਾਵੇਜ਼ਾਂ, ਨਿਵੇਸ਼ਾਂ ਅਤੇ ਹੋਰ ਜਾਇਦਾਦਾਂ ਦਾ ਵਿਸਤ੍ਰਿਤ ਮੁਲਾਂਕਣ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News