ਪੰਜਾਬ ਦੇ ਸੁਨਿਆਰੇ ਤੋਂ ਯਮੁਨਾਨਗਰ ’ਚ ਲੁੱਟਿਆ 3 ਕਰੋੜ ਦਾ ਸੋਨਾ

Friday, Jul 31, 2026 - 10:28 PM (IST)

ਪੰਜਾਬ ਦੇ ਸੁਨਿਆਰੇ ਤੋਂ ਯਮੁਨਾਨਗਰ ’ਚ ਲੁੱਟਿਆ 3 ਕਰੋੜ ਦਾ ਸੋਨਾ

ਯਮੁਨਾਨਗਰ/ਅੰਮ੍ਰਿਤਸਰ (ਸਤੀਸ਼, ਜਸ਼ਨ) - ਪਿੰਡ ਭੰਭੌਲੀ ਨੇੜੇ ਰਾਜਪੁਰ ਰੋਡ ’ਤੇ ਪੰਜਾਬ ਦੇ ਸੋਨੇ ਦੇ ਕਾਰੋਬਾਰੀ ਪਿਓ-ਪੁੱਤ ਨਾਲ ਲੁੱਟ ਦੀ ਵਾਰਦਾਤ ਵਾਪਰੀ। ਉਨ੍ਹਾਂ ਦੀ ਕਾਰ ਨੂੰ ਬਿਨਾਂ ਨੰਬਰ ਦੀ ਬਾਈਕ ’ਤੇ ਆਏ 2 ਬਦਮਾਸ਼ਾਂ ਨੇ ਓਵਰਟੇਕ ਕਰ ਕੇ ਰੋਕ ਲਿਆ। ਪਿਸਤੌਲ ਦਿਖਾ ਕੇ ਉਨ੍ਹਾਂ ਤੋਂ 3 ਕਰੋੜ ਰੁਪਏ ਦੀ ਕੀਮਤ ਦਾ ਲੱਗਭਗ ਡੇਢ ਕਿੱਲੋ ਸੋਨਾ ਲੁੱਟ ਲਿਆ। ਵਿਰੋਧ ਕਰਨ ’ਤੇ ਸੁਨਿਆਰੇ ’ਤੇ ਚਾਕੂ ਨਾਲ ਵਾਰ ਕੀਤਾ ਗਿਆ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਅਤੇ ਸੀ. ਆਈ. ਏ. ਦੀਆਂ ਟੀਮਾਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਜੈਪਾਲ ਯਮੁਨਾਨਗਰ ਅਤੇ ਜਗਾਧਰੀ ਦੇ ਦਿਹਾਤੀ ਖੇਤਰਾਂ ਵਿਚ ਸੋਨਾ ਅਤੇ ਗਹਿਣੇ ਸਪਲਾਈ ਕਰਦੇ ਹਨ। ਸ਼ੁੱਕਰਵਾਰ ਨੂੰ ਉਹ ਆਪਣੇ ਪੁੱਤਰ ਇੰਦਰਵੀਰ ਨਾਲ ਕਾਰ ਵਿਚ ਪਿੰਡ ਮਹਲਾਵਾਲੀ ਜਾ ਰਹੇ ਸਨ। ਜੈਪਾਲ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਪਿੰਡ ਭੰਭੌਲੀ ਨੇੜੇ ਪਹੁੰਚੇ ਹੀ ਸਨ ਕਿ ਬਿਨਾਂ ਨੰਬਰ ਦੀ ਬਾਈਕ ’ਤੇ 2 ਨੌਜਵਾਨ ਆਏ। ਉਨ੍ਹਾਂ ਨੇ ਕਾਰ ਦੇ ਅੱਗੇ ਬਾਈਕ ਰੋਕ ਦਿੱਤੀ। ਕਾਰ ਰੁਕਦਿਆਂ ਹੀ ਉਨ੍ਹਾਂ ਨੇ ਤੁਰੰਤ ਕਾਰ ਦੇ ਸ਼ੀਸ਼ੇ ’ਤੇ ਪਿਸਤੌਲ ਮਾਰ ਕੇ ਸ਼ੀਸ਼ਾ ਭੰਨ ਦਿੱਤਾ ਅਤੇ ਕਾਰ ਚਲਾ ਰਹੇ ਮੇਰੇ ਪੁੱਤਰ ’ਤੇ ਪਿਸਤੌਲ ਤਾਨ ਦਿੱਤੀ, ਜਦੋਂ ਕਿ ਦੂਜੇ ਨੇ ਉਨ੍ਹਾਂ ’ਤੇ ਚਾਕੂ ਤਾਨ ਲਿਆ। ਉਹ ਕਾਰ ਵਿਚ ਰੱਖਿਆ ਬੈਗ ਲੁੱਟ ਕੇ ਲੈ ਗਏ। ਵਿਰੋਧ ਕਰਨ ’ਤੇ ਉਨ੍ਹਾਂ ਦੇ ਢਿੱਡ ਵਿਚ ਚਾਕੂ ਮਾਰ ਦਿੱਤਾ, ਜਦੋਂ ਕਿ ਦੂਜੇ ਨੇ ਮੇਰੇ ਪੁੱਤਰ ’ਤੇ ਪਿਸਤੌਲ ਤਾਨੀ ਰੱਖੀ। ਉਹ ਬੈਗ ਲੈ ਕੇ ਫ਼ਰਾਰ ਹੋ ਗਏ। ਥਾਣਾ ਛੱਪਰ ਦੇ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਲੁੱਟ-ਖੋਹ ਦੀ ਸੂਚਨਾ ਮਿਲੀ ਹੈ। ਬੈਗ ਵਿਚ ਲੱਗਭਗ ਡੇਢ ਕਿੱਲੋ ਸੋਨਾ ਹੋਣ ਦੀ ਜਾਣਕਾਰੀ ਮਿਲੀ ਹੈ।


author

Inder Prajapati

Content Editor

Related News