ਚੋਣ ਕਮਿਸ਼ਨ ਨੇ ਮਦਰਾਸ ਹਾਈ ਕੋਰਟ ਨੂੰ ਦੱਸਿਆ SIR ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ
Monday, Nov 03, 2025 - 11:13 PM (IST)
            
            ਚੇਨਈ, (ਭਾਸ਼ਾ)- ਚੋਣ ਕਮਿਸ਼ਨ ਨੇ ਸੋਮਵਾਰ ਮਦਰਾਸ ਹਾਈ ਕੋਰਟ ਨੂੰ ਦੱਸਿਆ ਕਿ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਪ੍ਰਕਿਰਿਆ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਸਾਰੇ ਇਤਰਾਜ਼ਾਂ ’ਤੇ ਵਿਚਾਰ ਕਰਨ ਤੋਂ ਬਾਅਦ ਹੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ।
ਕਮਿਸ਼ਨ ਦੀ ਨੁਮਾਇੰਦਗੀ ਕਰ ਰਹੇ ਵਕੀਲ ਨਿਰੰਜਨ ਰਾਜਗੋਪਾਲ ਨੇ ਇਹ ਦਲੀਲ ਚੀਫ਼ ਜਸਟਿਸ ਐੱਮ. ਐੱਮ. ਸ਼੍ਰੀਵਾਸਤਵ ਤੇ ਜਸਟਿਸ ਜੀ. ਅਰੁਲ ਮੁਰੂਗਨ ਦੀ ਬੈਂਚ ਦੇ ਸਾਹਮਣੇ ਦਿੱਤੀ।
ਅਦਾਲਤ ਅੰਨਾ ਡੀ. ਐੱਮ. ਕੇ. ਦੇ ਸਾਬਕਾ ਵਿਧਾਇਕ ਸੱਤਿਆਨਾਰਾਇਣਨ ਤੇ ਪਾਰਟੀ ਦੇ ਵਕੀਲ ਵਿਨਯਗਮ ਵੱਲੋਂ ਦਾਇਰ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਪਟੀਸ਼ਨਕਰਤਾਵਾਂ ਨੇ ਟੀ. ਨਗਰ ਤੇ ਤੰਬਰਮ ਵਿਧਾਨ ਸਭਾ ਹਲਕਿਆਂ ’ਚ ਡੁਪਲੀਕੇਟ ਇੰਦਰਾਜ ਤੇ ਮ੍ਰਿਤਕ ਵੋਟਰਾਂ ਦੇ ਨਾਵਾਂ ਨੂੰ ਹਟਾਉਣ ਦੀ ਉਨ੍ਹਾਂ ਦੀ ਬੇਨਤੀ 'ਤੇ ਵਿਚਾਰ ਕਰਨ ਲਈ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ।
ਚੋਣ ਕਮਿਸ਼ਨ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਤਾਮਿਲਨਾਡੂ ’ਚ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਹਰੇਕ ਵੋਟਰ ਨੂੰ ਇਕ ਫਾਰਮ ਭਰਨਾ ਹੋਵੇਗਾ ਤੇ ਡਰਾਫਟ ਸੂਚੀ 9 ਦਸੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਸ ਤੋਂ ਬਾਅਦ ਇਤਰਾਜ਼ ਉਠਾਏ ਜਾ ਸਕਦੇ ਹਨ। ਕਮਿਸ਼ਨ ਅਨੁਸਾਰ ਇਸ ਤੋਂ ਬਾਅਦ ਹੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ।
