ਚੁਣਾਵੀ ਬਾਂਡ ਇਤਿਹਾਸ ਦਾ ਸਭ ਤੋਂ ਵੱਡਾ ਘਪਲਾ ਸਾਬਤ ਹੋਣ ਜਾ ਰਿਹਾ ਹੈ: ਰਾਹੁਲ ਗਾਂਧੀ
Monday, Mar 11, 2024 - 04:32 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਵੱਲੋਂ ਭਾਰਤੀ ਸਟੇਟ ਬੈਂਕ (SBI) ਦੀ ਚੁਣਾਵੀ ਬਾਂਡ ਦੇ ਵੇਰਵੇ ਦਾਖਲ ਕਰਨ ਲਈ ਸਮਾਂ ਵਧਾਉਣ ਦੀ ਪਟੀਸ਼ਨ ਨੂੰ ਖਾਰਜ ਕਰਨ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਇਹ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਘਪਲਾ ਸਾਬਤ ਹੋਣ ਜਾ ਰਿਹਾ ਹੈ। ਸੁਪਰੀਮ ਕੋਰਟ ਦੇ 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸੋਮਵਾਰ ਨੂੰ ਚੋਣ ਬਾਂਡ ਦੇ ਵੇਰਵਿਆਂ ਦਾ ਖੁਲਾਸਾ ਕਰਨ ਲਈ ਸਮਾਂ ਵਧਾਉਣ ਦੀ ਮੰਗ ਕਰਨ ਵਾਲੀ SBI ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਉਸ ਨੂੰ 12 ਮਾਰਚ ਨੂੰ ਕੰਮਕਾਜੀ ਸਮਾਂ ਖਤਮ ਹੋਣ ਤੱਕ ਚੋਣ ਕਮਿਸ਼ਨ ਨੂੰ ਉਕਤ ਵੇਰਵੇ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ। ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਚੋਣ ਕਮਿਸ਼ਨ ਨੂੰ 15 ਮਾਰਚ ਨੂੰ ਸ਼ਾਮ 5 ਵਜੇ ਤੱਕ SBI ਵਲੋਂ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਸਾਂਝੀ ਕੀਤੀ ਜਾਣਕਾਰੀ ਨੂੰ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਹੈ।
ਰਾਹੁਲ ਨੇ 'X' 'ਤੇ ਪੋਸਟ ਕੀਤਾ, ''ਨਰਿੰਦਰ ਮੋਦੀ ਦੇ 'ਚੰਦੇ ਦੇ ਧੰਦੇ' ਦੀ ਪੋਲ ਖੁੱਲ੍ਹਣ ਵਾਲੀ ਹੈ! ਸਵਿਸ ਬੈਂਕਾਂ 'ਚੋਂ 100 ਦਿਨਾਂ ਵਿਚ ਕਾਲਾ ਧਨ ਵਾਪਸ ਲਿਆਉਣ ਦਾ ਵਾਅਦਾ ਕਰ ਕੇ ਸੱਤਾ 'ਚ ਆਈ ਮੋਦੀ ਸਰਕਾਰ ਆਪਣੇ ਹੀ ਬੈਂਕਾਂ ਦੇ ਅੰਕੜਿਆਂ ਨੂੰ ਲੁਕਾਉਣ ਲਈ ਸੁਪਰੀਮ ਕੋਰਟ ਵਿਚ ਖੜ੍ਹੀ ਹੈ। ਚੋਣ ਬਾਂਡ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਘੁਪਲਾ ਸਾਬਤ ਹੋਣ ਜਾ ਰਿਹਾ ਹੈ, ਜੋ ਭ੍ਰਿਸ਼ਟ ਕਾਰੋਬਾਰੀਆਂ ਅਤੇ ਸਰਕਾਰ ਦੇ ਗੱਠਜੋੜ ਨੂੰ ਬੇਨਕਾਬ ਕਰ ਕੇ (ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਦਾ ਅਸਲ ਚਿਹਰਾ ਦੇਸ਼ ਦੇ ਸਾਹਮਣੇ ਲਿਆਵੇਗਾ। ਸਾਬਕਾ ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ, “ਕਾਲਕ੍ਰਮ ਸਪੱਸ਼ਟ ਹੈ- ਚੰਦਾ ਦਿਓ-ਧੰਦਾ ਲਓ, ਚੰਦਾ ਦਿਓ- ‘ਪ੍ਰੋਟੈਕਸ਼ਨ’ ਲਓ! ਚੰਦਾ ਦੇਣ ਵਾਲਿਆਂ 'ਤੇ ਆਸ਼ੀਰਵਾਦ ਦੀ ਵਰਖਾ ਅਤੇ ਆਮ ਜਨਤਾ 'ਤੇ ਟੈਕਸਾਂ ਦਾ ਬੋਝ, ਇਹ ਹੈ ਭਾਜਪਾ ਦੀ ਮੋਦੀ ਸਰਕਾਰ।