ਚੋਣਾਵੀ ਖਰਚ : ਮਮਤਾ ਨੇ ਪੀ.ਐੱਮ. ਮੋਦੀ ਨੂੰ ਲਿਖਿਆ ਪੱਤਰ
Thursday, Jul 25, 2019 - 06:01 PM (IST)

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਲੋਕ ਸਭਾ ਚੋਣਾਂ ਹੋਏ ਚੋਣਾਵੀ ਖਰਚ 'ਤੇ ਚਿੰਤਾ ਜ਼ਾਹਰ ਕੀਤੀ ਹੈ। ਪੱਤਰ 'ਚ ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਆਜ਼ਾਦ, ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਲਈ ਤੁਰੰਤ ਚੋਣ ਸੁਧਾਰ ਦੀ ਲੋੜ ਹੈ। ਉਨ੍ਹਾਂ ਨੇ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਇਕ ਸਾਰੇ ਦਲਾਂ ਦੀ ਮੀਟਿੰਗ ਬੁਲਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਮਮਤਾ ਨੇ ਸਿਆਸੀ ਦਲਾਂ 'ਚ ਵਧਦੇ ਭ੍ਰਿਸ਼ਟਾਚਾਰ ਅਤੇ ਅਪਰਾਧੀਕਰਨ ਵੱਲ ਵੀ ਪ੍ਰਧਾਨ ਮੰਤਰੀ ਦਾ ਧਿਆਨ ਖਿੱਚਿਆ। ਆਪਣੇ ਪੱਤਰ 'ਚ ਮਮਤਾ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣਾਵੀ ਖਰਚ ਨੂੰ ਲੈ ਕੇ ਜਾਰੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਪੂਰੀ ਦੁਨੀਆ ਦੀਆਂ ਸਭ ਤੋਂ ਖਰਚੀਲੀਆਂ ਚੋਣਾਂ ਸਨ। ਉਨ੍ਹਾਂ ਨੇ ਦੱਸਿਆ ਕਿ ਸਾਲ 2019 'ਚ ਹੋਣ ਵਾਲਾ ਚੋਣਾਵੀ ਖਰਚ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੁੱਲ ਖਰਚ ਦਾ ਦੁੱਗਣਾ ਸੀ। ਰਿਪੋਰਟ ਦੇ ਹਵਾਲੇ ਤੋਂ ਮਮਤਾ ਨੇ ਦੱਸਿਆ ਕਿ ਹਾਲੀਆ ਚੋਣਾਂ 'ਚ ਘੱਟੋ-ਘੱਟ 60 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਖਰਚ ਦੀ ਉੱਪਰੀ ਹੱਦ ਹਾਲੇ ਵੀ ਪਤਾ ਨਹੀਂ ਹੈ ਅਤੇ ਇਹ ਹੋਰ ਵੀ ਵਧ ਹੋ ਸਕਦੀ ਹੈ। ਮਮਤਾ ਨੇ ਕਿਹਾ ਕਿ ਜੇਕਰ ਅਜਿਹਾ ਹੀ ਰਿਹਾ ਤਾਂ ਅਗਲੀਆਂ ਲੋਕ ਸਭਾ ਚੋਣਾਂ 'ਚ ਇਹ ਖਰਚ ਇਕ ਲੱਖ ਕਰੋੜ ਦੇ ਨੇੜੇ-ਤੇੜੇ ਪਹੁੰਚ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ 'ਚ ਸਾਲ 2016 ਦੇ ਰਾਸ਼ਟਰਪਤੀ ਚੋਣਾਂ 'ਚ ਵੀ ਕੁੱਲ 6.5 ਬਿਲੀਅਨ ਦਾ ਚੋਣਾਵੀ ਖਰਚ ਸੀ, ਜਦੋਂ ਕਿ ਇਹ ਅੰਕੜਾ ਭਾਰਤ ਦੇ ਹਾਲੀਆ ਲੋਕ ਸਭਾ ਇਲੈਕਸ਼ਨ 'ਚ 8.65 ਬਿਲੀਅਨ ਸਨ। ਇਸ ਤਰ੍ਹਾਂ ਨਾਲ 2019 ਦੀਆਂ ਲੋਕ ਸਭਾ ਚੋਣਾਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ 'ਚ ਸ਼ਾਮਲ ਹੋ ਗਈਆਂ। ਮਮਤਾ ਨੇ ਚੋਣਾਂ 'ਚ ਭ੍ਰਿਸ਼ਟਾਚਾਰ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਪੀ.ਐੱਮ. ਨੂੰ ਚੋਣਾਵੀ ਪਬਲਿਕ ਫੰਡਿੰਗ ਦੇ ਮੁੱਦੇ 'ਤੇ ਸਾਰੇ ਦਲਾਂ ਦੀ ਮੀਟਿੰਗ ਬੁਲਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਮੀਟਿੰਗ ਭਾਰਤ 'ਚ ਨਿਰਪੱਖ, ਆਜ਼ਾਦ ਅਤੇ ਪਾਰਦਰਸ਼ੀ ਚੋਣਾਂ ਲਈ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਦੇ ਮਕਸਦ ਨੂੰ ਧਿਆਨ 'ਚ ਰੱਖਦੇ ਹੋਏ ਬੁਲਾਈ ਜਾਵੇ। ਅੰਤ 'ਚ ਮਮਤਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਤੁਰੰਤ ਚੋਣ ਸੁਧਾਰ ਦੀ ਲੋੜ ਹੈ, ਜਿਸ 'ਚ ਇਲੈਕਸ਼ਨ ਲਈ ਸਰਕਾਰੀ ਫੰਡਿੰਗ ਦੀ ਵਿਵਸਥਾ ਸ਼ਾਮਲ ਹੈ।