ਜੰਮੂ-ਕਸ਼ਮੀਰ ’ਚ ਜਦੋਂ ਵੀ ਚੋਣਾਂ ਹੋਣਗੀਆਂ, ਨੈਸ਼ਨਲ ਕਾਨਫਰੰਸ ਮੈਦਾਨ ’ਚ ਉਤਰੇਗੀ: ਫਾਰੂਕ
Wednesday, Sep 08, 2021 - 04:14 PM (IST)
![ਜੰਮੂ-ਕਸ਼ਮੀਰ ’ਚ ਜਦੋਂ ਵੀ ਚੋਣਾਂ ਹੋਣਗੀਆਂ, ਨੈਸ਼ਨਲ ਕਾਨਫਰੰਸ ਮੈਦਾਨ ’ਚ ਉਤਰੇਗੀ: ਫਾਰੂਕ](https://static.jagbani.com/multimedia/2021_9image_16_13_540874843farooqabdullah.jpg)
ਸ਼੍ਰੀਨਗਰ (ਭਾਸ਼ਾ)— ਨੈਸ਼ਨਲ ਕਾਨਫਰੰਸ (ਨੇਕਾਂ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਅਤੇ ਵਿਸ਼ੇਸ਼ ਦਰਜਾ ਬਹਾਲ ਕਰਨ ਲਈ ਸੰਘਰਸ਼ ਖ਼ਾਤਰ ਵਚਨਬੱਧ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਜਦੋਂ ਵੀ ਚੋਣਾਂ ਹੋਣਗੀਆਂ, ਉਨ੍ਹਾਂ ਦੀ ਪਾਰਟੀ ਮੈਦਾਨ ’ਚ ਉਤਰੇਗੀ। ਅਬਦੁੱਲਾ ਇੱਥੇ ਪਾਰਟੀ ਦੇ ਸੰਸਥਾਪਕ ਅਤੇ ਆਪਣੇ ਪਿਤਾ ਸ਼ੇਖ ਮੁਹੰਮਦ ਅਬਦੁੱਲਾ ਦੀ 39ਵੀਂ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦੱਸ ਦੇਈਏ ਕਿ ਕੇਂਦਰ ਨੇ 5 ਅਗਸਤ, 2019 ਨੂੰ ਸੰਵਿਧਾਨ ਦੀ ਧਾਰਾ-370 ਨੂੰ ਰੱਦ ਕਰ ਦਿੱਤਾ ਸੀ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਸੀ। ਧਾਰਾ-370 ਤਹਿਤ ਉਸ ਵੇਲੇ ਦੇ ਸੂਬੇ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਸੀ।
ਅਬਦੁੱਲਾ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਚੋਣਾਂ ਕਦੋਂ ਹੋਣਗੀਆਂ ਪਰ ਇਸ ਸੰਬੰਧ ਵਿਚ ਸਾਡੀ ਰਾਏ ਸਪੱਸ਼ਟ ਹੈ। ਜੰਮੂ-ਕਸ਼ਮੀਰ ਵਿਚ ਜਦੋਂ ਚੋਣਾਂ ਹੋਣਗੀਆਂ, ਅਸੀਂ ਚੋਣਾਂ ਲੜਾਂਗੇ। ਤਾਲਿਬਾਨ ਵਲੋਂ ਅਫ਼ਗਾਨਿਸਤਾਨ ’ਤੇ ਕਬਜ਼ਾ ਕੀਤੇ ਜਾਣ ਦੇ ਸਬੰਧ ’ਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ (ਤਾਲਿਬਾਨ) ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨਗੇ ਅਤੇ ਸਾਰੇ ਦੇਸ਼ਾਂ ਨਾਲ ਮਿੱਤਰਤਾਪੂਰਨ ਸੰਬੰਧਾਂ ’ਤੇ ਜ਼ੋਰ ਦੇਣਗੇ। ਅਬਦੁੱਲਾ ਨੇ ਕਿਹਾ ਕਿ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਹੁਣ ਦੇਸ਼ ਦੀ ਦੇਖਭਾਲ ਕਰਨੀ ਹੈ। ਮੈਨੂੰ ਉਮੀਦ ਹੈ ਕਿ ਉਹ ਸਾਰਿਆਂ ਨਾਲ ਨਿਆਂ ਕਰਨਗੇ। ਉਨ੍ਹਾਂ ਨੂੰ ਸਾਰੇ ਦੇਸ਼ਾਂ ਨਾਲ ਮਿੱਤਰਤਾਪੂਰਨ ਸੰਬੰਧਾਂ ’ਤੇ ਜ਼ੋਰ ਦੇਣਾ ਚਾਹੀਦਾ ਹੈ।