Election Diary...ਜਦੋਂ ਜਿੱਨਾਹ ਨੂੰ ਸੈਕੂਲਰ ਦੱਸਣ ''ਤੇ ਅਡਵਾਨੀ ਨੂੰ ਦੇਣਾ ਪਿਆ ਅਸਤੀਫਾ

Friday, May 03, 2019 - 10:32 AM (IST)

Election Diary...ਜਦੋਂ ਜਿੱਨਾਹ ਨੂੰ ਸੈਕੂਲਰ ਦੱਸਣ ''ਤੇ ਅਡਵਾਨੀ ਨੂੰ ਦੇਣਾ ਪਿਆ ਅਸਤੀਫਾ

ਜਲੰਧਰ (ਨਰੇਸ਼ ਕੁਮਾਰ)— ਕਰਾਚੀ 'ਚ ਪੈਦਾ ਹੋਏ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ 2005 ਵਿਚ ਬਤੌਰ ਭਾਜਪਾ ਪ੍ਰਧਾਨ ਇਕ ਅਜਿਹੀ ਭੁੱਲ ਕੀਤੀ, ਜਿਸ ਦੀ ਕੀਮਤ ਉਨ੍ਹਾਂ ਨੂੰ ਆਪਣੀ ਪ੍ਰਧਾਨਗੀ ਅਹੁਦੇ ਦੀ ਗੱਦੀ ਛੱਡ ਕੇ ਚੁਕਾਉਣੀ ਪਈ ਸੀ। ਦਰਅਸਲ ਅਡਵਾਨੀ ਜੂਨ 2005 ਦੇ ਪਹਿਲੇ ਹਫਤੇ ਪਾਕਿਸਤਾਨ ਦੇ ਦੌਰੇ 'ਤੇ ਗਏ ਸਨ। ਕਰਾਚੀ ਵਿਚ ਪੈਦਾ ਹੋਏ ਅਡਵਾਨੀ 4 ਜੂਨ ਨੂੰ ਉਥੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੱਨਾਹ ਦੀ ਮਜ਼ਾਰ 'ਤੇ ਗਏ ਤਾਂ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਜਿੱਨਾਹ ਨੂੰ ਸੈਕੂਲਰ ਦੱਸ ਦਿੱਤਾ। ਅਡਵਾਨੀ ਦਾ ਇਹ ਬਿਆਨ ਮੀਡੀਆ ਵਿਚ ਆਉਂਦੇ ਹੀ ਦੇਸ਼ ਵਿਚ ਹੜਕੰਪ ਮਚ ਗਿਆ ਅਤੇ ਹਿੰਦੂ ਸੰਗਠਨ ਅਤੇ ਆਰ. ਐੱਸ. ਐੱਸ. ਨੇ ਅਡਵਾਨੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਅਡਵਾਨੀ ਨੂੰ ਕਰਾਚੀ ਤੋਂ ਹੀ 7 ਜੂਨ 2005 ਨੂੰ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰਨੀ ਪਈ।

ਅਡਵਾਨੀ ਦੇ ਅਸਤੀਫੇ ਤੋਂ ਬਾਅਦ ਭਾਜਪਾ ਵਿਚ ਹੜਕੰਪ ਮਚ ਗਿਆ ਅਤੇ ਐਮਰਜੈਂਸੀ ਵਿਚ ਉਨ੍ਹਾਂ ਨੂੰ ਮਨਾਇਆ ਗਿਆ ਪਰ ਇਸ ਦੌਰਾਨ ਉਨ੍ਹਾਂ ਨੂੰ ਪਾਰਟੀ ਤੋਂ ਕਿਨਾਰੇ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਅਤੇ ਦਸੰਬਰ 2005 ਵਿਚ ਅਡਵਾਨੀ ਦੇ ਬਾਕੀ ਬਚੇ ਕਾਰਜਕਾਲ ਲਈ ਰਾਜਨਾਥ ਸਿੰਘ ਨੂੰ ਪਾਰਟੀ ਪ੍ਰਧਾਨ ਬਣਾਇਆ ਗਿਆ ਅਤੇ ਪਾਰਟੀ ਵਿਚ ਉਨ੍ਹਾਂ ਦਾ ਪ੍ਰਭਾਵ ਲਗਾਤਾਰ ਘਟਦਾ ਗਿਆ। ਹਾਲਾਂਕਿ ਬਾਅਦ ਵਿਚ ਕਈ ਮੀਡੀਆ ਇੰਟਰਵਿਊਜ਼ 'ਚ ਉਨ੍ਹਾਂ ਨੇ ਪਾਕਿਸਤਾਨ ਵਿਚ ਕੀਤੇ ਗਏ ਆਪਣੇ ਸੰਬੋਧਨ ਨੂੰ ਸਹੀ ਠਹਿਰਾਇਆ ਅਤੇ ਕਿਹਾ ਕਿ ਇਤਿਹਾਸ ਉਨ੍ਹਾਂ ਦਾ ਸਹੀ ਢੰਗ ਨਾਲ ਮੁਲਾਂਕਣ ਕਰੇਗਾ ਪਰ ਤੱਤਕਾਲੀਨ ਸਿਆਸਤ ਦੇ ਲਿਹਾਜ ਨਾਲ ਅਡਵਾਨੀ ਦਾ ਆਪਣੀ ਜਨਮ ਭੂਮੀ ਭਾਵਨਾਵਾਂ ਵਿਚ ਵਹਿ ਕੇ ਧਰਮ ਦੇ ਆਧਾਰ 'ਤੇ ਵੱਖਰੇ ਰਾਸ਼ਟਰ ਦਾ ਗਠਨ ਕਰਨ ਵਾਲੇ ਜਿੱਨਾਹ ਨੂੰ ਸੈਕੂਲਰ ਦੱਸਣਾ ਇਕ ਵੱਡੀ ਭੁੱਲ ਸਾਬਤ ਹੋਈ।


author

DIsha

Content Editor

Related News