ਅਕਾਲ ਤਖ਼ਤ ''ਤੇ ਕਾਂਗਰਸੀਆਂ ਦੀ ਪੇਸ਼ੀ, ਆਰ. ਪੀ. ਸਿੰਘ ਨੇ ਸੁਲ੍ਹਾ-ਸਫਾਈ ਦੀ ਪ੍ਰਕਿਰਿਆ ''ਤੇ ਚੁੱਕੇ ਸਵਾਲ
Friday, Jul 03, 2026 - 08:37 PM (IST)
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਕਾਂਗਰਸੀ ਵਿਧਾਇਕਾਂ ਦੀ ਹੋਈ ਸੁਣਵਾਈ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਪਹਿਲੀ ਵਾਰ ਸਿੱਖ ਕੌਮ ਨੇ ਦੇਖਿਆ ਕਿ ਕਾਂਗਰਸ ਦੇ ਵਿਧਾਇਕਾਂ ਨੂੰ ਬੇਅਦਬੀ ਵਿਰੋਧੀ ਕਾਨੂੰਨ ਦੇ ਮੁੱਦੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਹੁਤ ਹੀ ਸਤਿਕਾਰ, ਧੀਰਜ ਤੇ ਮਰਯਾਦਾ ਨਾਲ ਸੁਣਿਆ ਗਿਆ ਹੈ।

ਆਰਪੀ ਸਿੰਘ ਨੇ ਕਿਹਾ ਕਿ ਇਹ ਵਿਕਾਸ ਅਕਾਲ ਤਖ਼ਤ ਸਾਹਿਬ ਦੇ ਪੁਰਾਣੇ ਰਵੱਈਏ ਤੋਂ ਇੱਕ ਵੱਡੀ ਤਬਦੀਲੀ ਨੂੰ ਦਰਸਾਉਂਦਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਸਿੱਖ ਕੌਮ ਅਤੇ ਕਾਂਗਰਸ ਪਾਰਟੀ ਦੇ ਸਬੰਧ ਇਤਿਹਾਸਕ ਤੌਰ 'ਤੇ ਬਹੁਤ ਵਿਵਾਦਪੂਰਨ ਰਹੇ ਹਨ। ਆਰਪੀ ਸਿੰਘ ਨੇ ਇਸ ਸੁਲ੍ਹਾ-ਸਫਾਈ ਦੀ ਪ੍ਰਕਿਰਿਆ 'ਤੇ ਕਈ ਅਹਿਮ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕੀ ਕਾਂਗਰਸ ਪਾਰਟੀ ਨੇ ਆਪਣੀ ਇਤਿਹਾਸਕ ਜ਼ਿੰਮੇਵਾਰੀ ਨੂੰ ਅਜਿਹੇ ਤਰੀਕੇ ਨਾਲ ਕਬੂਲਿਆ ਹੈ, ਜੋ ਸਿੱਖ ਕੌਮ ਨੂੰ ਸੰਤੁਸ਼ਟ ਕਰ ਸਕੇ? ਕੀ ਪੀੜਤਾਂ ਨੂੰ ਸੱਚਮੁੱਚ ਇਨਸਾਫ਼ ਮਿਲ ਗਿਆ ਹੈ? ਕੀ ਪੂਰੀ ਜਵਾਬਦੇਹੀ, ਸੱਚਾਈ ਅਤੇ ਜ਼ਿੰਮੇਵਾਰੀ ਤੋਂ ਬਿਨਾਂ ਕੋਈ ਅਸਲ ਸਮਝੌਤਾ ਸੰਭਵ ਹੈ? ਉਨ੍ਹਾਂ ਅੰਤ ਵਿੱਚ ਕਿਹਾ ਕਿ ਇਤਿਹਾਸ ਇਸ ਪਲ ਦੀ ਮਹੱਤਤਾ ਦਾ ਨਿਰਣਾ ਕਰੇਗਾ ਪਰ ਇਹ ਅਜਿਹੇ ਸਵਾਲ ਹਨ ਜਿਨ੍ਹਾਂ 'ਤੇ ਸਿੱਖ ਪੰਥ ਤੇ ਦੇਸ਼ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
