ਬੰਗਾਲ ਹਿੰਸਾ ’ਤੇ ਚੋਣ ਕਮਿਸ਼ਨ ਸਖ਼ਤ ; ਇਕ ਦਿਨ ਪਹਿਲਾਂ ਖਤਮ ਹੋਵੇਗਾ ਚੋਣ ਪ੍ਰਚਾਰ

05/15/2019 8:04:51 PM

ਕੋਲਕਾਤਾ— ਪੱਛਮੀ ਬੰਗਾਲ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਵਿਚ ਹੋਏ ਵਿਵਾਦ ਤੋਂ ਬਾਅਦ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਹੈ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਚ ਚੋਣ ਪ੍ਰਚਾਰ ਵਿਚ ਇਕ ਦਿਨ ਦੀ ਕਟੌਤੀ ਕੀਤੀ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਵੀਰਵਾਰ ਰਾਤ 10 ਵਜੇ ਤੋਂ ਬਾਅਦ ਪੱਛਮ ਬੰਗਾਲ ਦੀਆਂ 9 ਲੋਕ ਸਭਾ ਸੀਟਾਂ ’ਤੇ ਕੋਈ ਚੋਣ ਪ੍ਰਚਾਰ ਨਹੀਂ ਹੋਵੇਗਾ।

ਪਹਿਲਾਂ ਇਹ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ 5 ਵਜੇ ਖਤਮ ਕੀਤਾ ਜਾਣਾ ਸੀ। ਚੋਣ ਕਮਿਸ਼ਨ ਨੇ ਈਸ਼ਵਰ ਚੰਦਰ ਵਿਦਿਆਸਾਗਰ ਦੀ ਮੂਰਤੀ ਤੋੜੇ ਜਾਣ ਨੂੰ ਵੀ ਮੰਦਭਾਗਾ ਦੱਸਿਆ ਹੈ। ਘਟਨਾ ’ਤੇ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਨੇ ਬੰਗਾਲ ਦੇ ਪੁਲਸ ਕਮਿਸ਼ਨਰ, ਏ. ਡੀ. ਜੀ. (ਸੀ. ਆਈ. ਡੀ.) ਅਤੇ ਸੂਬੇ ਦੇ ਮੁੱਖ ਸਕੱਤਰ (ਗ੍ਰਹਿ) ਨੂੰ ਵੀ ਹਟਾ ਦਿੱਤਾ ਹੈ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਸ਼ਾਇਦ ਇਹ ਪਹਿਲਾਂ ਮੌਕਾ ਹੈ ਕਿ ਜਦੋਂ ਉਨ੍ਹਾਂ ਨੇ ਧਾਰਾ 324 ਦੇ ਤਹਿਤ ਇਸ ਨੂੰ ਲਾਗੂ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਜੇਕਰ ਚੋਣਾਂ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਮੁੜ ਦੁਹਰਾਈਆਂ ਗਈਆਂ ਤਾਂ ਮੁੜ ਤੋਂ ਸਖ਼ਤ ਕਦਮ ਚੁੱਕਿਆ ਜਾਵੇਗਾ।

ਦੱਸ ਦੇਈਏ ਕਿ 19 ਮਈ ਨੂੰ ਪੱਛਮੀ ਬੰਗਾਲ ਦੀਆਂ 9 ਸੀਟਾਂ ’ਤੇ ਵੋਟਾਂ ਪੈਣੀਆਂ, ਅਜਿਹੇ ਵਿਚ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਪੂਰੀ ਤਾਕਤ ਝੋਕ ਰਹੀਆਂ ਹਨ। ਮੰਗਲਵਾਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਬੜਾ ਹੰਗਾਮਾ ਹੋਇਆ। ਇਸ ਦੌਰਾਨ ਉਥੋਂ ਦੇ ਕਾਲਜ ਵਿਚ ਈ. ਸੀ. ਵਿਦਿਆਸਾਗਰ ਦੀ ਮੂਰਤੀ ਵੀ ਭੰਨ ਦਿੱਤੀ ਗਈ। ਭਾਜਪਾ ਅਤੇ ਟੀ. ਐੱਮ. ਸੀ. ਇਸ ਹਿੰਸਾ ਲਈ ਇਕ-ਦੂਜੇ ’ਤੇ ਦੋਸ਼ ਲਾ ਰਹੀਆਂ ਹਨ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਮੈਨੂੰ ਆਸ ਹੈ ਕਿ ਸੂਬਾ ਪ੍ਰਸ਼ਾਸਨ ਮੂਰਤੀ ਭੰਨਣ ਵਾਲਿਆਂ ਨੂੰ ਫੜ ਲਵੇਗਾ।


Inder Prajapati

Content Editor

Related News