ਚੋਣ ਪ੍ਰਚਾਰ ਦੇ ਵੀਡੀਓ ''ਚ ਬੱਚੇ ਦਾ ਇਸਤੇਮਾਲ ਕਰ ਫਸੀ ਭਾਜਪਾ, EC ਨੇ ਭੇਜਿਆ ਨੋਟਿਸ

Thursday, Aug 29, 2024 - 11:03 AM (IST)

ਹਰਿਆਣਾ/ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਰਿਆਣਾ ਇਕਾਈ ਵਲੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ 'ਚ ਬੱਚੇ ਦੀ ਵਰਤੋਂ ਕੀਤੇ ਜਾਣ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੋਣ ਕਮਿਸ਼ਨ ਨੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਨੂੰ ਨੋਟਿਸ ਜਾਰੀ ਕਰ ਕੇ ਤੁਰੰਤ ਸੁਧਾਰਾਤਮਕ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਚੋਣ ਪ੍ਰਚਾਰ ਅਤੇ ਹੋਰ ਚੋਣ ਗਤੀਵਿਧੀਆਂ 'ਚ ਬੱਚਿਆਂ ਦੀ ਵਰਤੋਂ ਕਰਨਾ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਨੂੰ ਵੀਰਵਾਰ ਯਾਨੀ ਅੱਜ ਸ਼ਾਮ 6 ਵਜੇ ਤੱਕ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਰਾਜ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੇ ਭਾਜਪਾ ਦੀ ਹਰਿਆਣਾ ਇਕਾਈ ਦੁਆਰਾ ਆਪਣੇ ਅਧਿਕਾਰਤ 'ਐਕਸ' ਹੈਂਡਲ 'ਤੇ ਪੋਸਟ ਕੀਤੇ ਗਏ ਵੀਡੀਓ ਦਾ ਨੋਟਿਸ ਲੈਣ ਤੋਂ ਬਾਅਦ ਇਹ ਨੋਟਿਸ ਜਾਰੀ ਕੀਤਾ। ਆਮ ਆਦਮੀ ਪਾਰਟੀ (ਆਪ) ਦੀ ਹਰਿਆਣਾ ਇਕਾਈ ਨੇ ਮੰਗਲਵਾਰ ਨੂੰ ਆਪਣੇ 'ਐਕਸ' ਹੈਂਡਲ 'ਤੇ ਭਾਜਪਾ ਦੀ ਸੂਬਾ ਇਕਾਈ ਦੁਆਰਾ ਅਪਲੋਡ ਕੀਤਾ ਗਿਆ 36 ਸਕਿੰਟ ਦਾ ਵੀਡੀਓ ਸਾਂਝਾ ਕੀਤਾ। ਸੂਬਾ ਭਾਜਪਾ ਨੇ ਵੀਡੀਓ ਦਾ ਕੈਪਸ਼ਨ ਦਿੱਤਾ: 'ਬੱਚੇ-ਬੱਚੇ ਦੀ ਪੁਕਾਰ, ਹਰਿਆਣੇ 'ਚ ਫਿਰ ਨਾਇਬ ਸਰਕਾਰ।' ਵੀਡੀਓ ਦੀ ਸ਼ੁਰੂਆਤ ਇਕ ਬੱਚੇ ਦੇ "ਹਰਿਆਣਾ 'ਚ ਅਬ ਕੀ ਬਾਰ ਸੈਣੀ ਸਰਕਾਰ, ਜੈ ਹਿੰਦ" ਕਹਿਣ ਨਾਲ ਹੁੰਦੀ ਹੈ। 

ਫਰਵਰੀ 'ਚ, ਕਮਿਸ਼ਨ ਨੇ ਸਿਆਸੀ ਦਲਾਂ ਅਤੇ ਉਮੀਦਵਾਰਾਂ ਨੂੰ ਕਿਹਾ ਸੀ ਕਿ ਉਹ ਚੋਣ ਪ੍ਰਚਾਰ ਮੁਹਿੰਮਾਂ ਅਤੇ ਰੈਲੀਆਂ 'ਚ ਕਿਸੇ ਵੀ ਤਰ੍ਹਾਂ ਨਾਲ ਬੱਚਿਆਂ ਦਾ ਇਸਤੇਮਾਲ ਨਾ ਕਰਨ। ਚੋਣ ਕਮਿਸ਼ਨ ਨੇ ਕਿਹਾ ਸੀ,''ਰਾਜਨੀਤਕ ਦਲਾਂ ਨੂੰ ਸਪੱਸ਼ਟ ਰੂਪ ਨਾਲ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਬੱਚਿਆਂ ਨੂੰ ਚੋਣ ਪ੍ਰਚਾਰ 'ਚ ਕਿਸੇ ਵੀ ਤਰ੍ਹਾਂ ਨਾਲ ਸ਼ਾਮਲ ਨਾ ਕਰਨ। ਇਨ੍ਹਾਂ 'ਚ ਰੈਲੀਆਂ, ਨਾਅਰੇ ਲਗਾਉਣਾ, ਪੋਸਟਰ ਜਾਂ ਪਰਚੇ ਵੰਡਣਾ ਜਾਂ ਚੋਣ ਨਾਲ ਸੰਬੰਧਤ ਹੋਰ ਗਤੀਵਿਧੀਆਂ ਸ਼ਾਮਲ ਹਨ।'' ਹਰਿਆਣਾ ਵਿਧਾਨ ਸਭਾ ਚੋਣਾਂ ਇਕ ਅਕਤੂਬਰ ਨੂੰ ਹੋਣੀਆਂ ਹਨ। 'ਆਪ' ਦੀ ਹਰਿਆਣਾ ਇਕਾਈ ਨੇ 'ਐਕਸ' 'ਤੇ ਆਪਣੀ ਪੋਸਟ 'ਚ ਦੋਸ਼ ਲਗਾਇਆ ਕਿ 'ਰਾਜ ਭਾਜਪਾ ਦਾ ਪੱਧਰ ਇੰਨਾ ਹੇਠਾਂ ਡਿੱਗ ਗਿਆ ਹੈ ਕਿ ਉਹ ਹਰਿਆਣਾ 'ਚ ਆਪਣੀ ਚੋਣ ਮੁਹਿੰਮ ਲਈ ਬੱਚਿਆਂ ਦਾ ਇਸਤੇਮਾਲ ਕਰ ਕੇ ਆਦਰਸ਼ ਚੋਣ ਜ਼ਾਬਤਾ ਦੀ ਖੁੱਲ੍ਹੇਆਮ ਉਲੰਘਣਾ ਕਰ ਰਹੀ ਹੈ।'' 'ਆਪ' ਨੇ ਆਪਣੇ ਪੋਸਟ 'ਚ ਕਿਹਾ,''ਭਾਜਪਾ ਲਗਾਤਾਰ ਅਜਿਹੀਆਂ ਹਰਕਤਾਂ ਕਰਦੀ ਰਹਿੰਦੀ ਹੈ, ਜਿਸ ਨਾਲ ਆਦਰਸ਼ ਚੋਣ ਜ਼ਾਬਰਾ ਅਤੇ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੁੰਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਚੋਣ ਕਮਿਸ਼ਨ ਨਿਰਪੱਖ ਹੋ ਕੇ ਭਾਜਪਾ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।'' ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੀ.ਈ.ਓ. ਨੇ ਭਾਜਪਾ ਦੀ ਹਰਿਆਣਾ ਇਕਾਈ ਦੇ ਮੁਖੀ ਨੂੰ 29 ਅਗਸਤ ਨੂੰ ਸ਼ਾਮ 6 ਵਜੇ ਤੱਕ ਆਪਣਾ ਜਵਾਬ ਦੇਣ ਲਈ ਕਿਹਾ ਹੈ। ਇਸ ਸਬੰਧੀ ਜਦੋਂ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਹਰਿਆਣਾ ਇਕਾਈ ਦੇ ਮੁਖੀ ਮੋਹਨ ਲਾਲ ਬਡੋਲੀ ਨੂੰ 29 ਅਗਸਤ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News