''ਜੇਕਰ ਹਸਪਤਾਲਾਂ ’ਚ ਬਜ਼ੁਰਗ ਮਾਪਿਆਂ ਨੂੰ ਛੱਡਿਆ ਤਾਂ ਨਹੀਂ ਮਿਲੇਗੀ ਜਾਇਦਾਦ''

Monday, Mar 17, 2025 - 12:54 PM (IST)

''ਜੇਕਰ ਹਸਪਤਾਲਾਂ ’ਚ ਬਜ਼ੁਰਗ ਮਾਪਿਆਂ ਨੂੰ ਛੱਡਿਆ ਤਾਂ ਨਹੀਂ ਮਿਲੇਗੀ ਜਾਇਦਾਦ''

ਬੈਂਗਲੁਰੂ- ਕਰਨਾਟਕ ਦੇ ਮੰਤਰੀ ਸ਼ਰਨ ਪ੍ਰਕਾਸ਼ ਪਾਟਿਲ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਬੱਚਿਆਂ ਨੇ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਹਸਪਤਾਲਾਂ ਵਿਚ ਛੱਡ ਦਿੱਤਾ ਤਾਂ ਉਨ੍ਹਾਂ ਦੀ ਜਾਇਦਾਦ ਦਾ ਤਬਾਦਲਾ ਤੇ ਵਸੀਅਤ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ। ਮੰਤਰੀ ਨੇ ਕਿਹਾ ਕਿ ਇਹ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਬਜ਼ੁਰਗ ਆਪਣੀ ਜਾਇਦਾਦ ਆਪਣੇ ਬੱਚਿਆਂ ਦੇ ਨਾਂ ’ਤੇ ਟਰਾਂਸਫਰ ਕਰ ਦਿੰਦੇ ਹਨ ਅਤੇ ਫਿਰ ਬੱਚੇ ਉਨ੍ਹਾਂ ਨੂੰ ਹਸਪਤਾਲਾਂ ਵਿਚ ਛੱਡ ਕੇ ਚਲੇ ਜਾਂਦੇ ਹਨ। ਅਧਿਕਾਰੀਆਂ ਮੁਤਾਬਕ ਇਕ ਗੰਭੀਰ ਅਤੇ ਅਣਮਨੁੱਖੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਬਹੁਤ ਸਾਰੇ ਬਜ਼ੁਰਗ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਸਰਕਾਰੀ ਮੈਡੀਕਲ ਕਾਲਜ ਹਸਪਤਾਲਾਂ ਵਿਚ ਛੱਡ ਆਉਂਦੇ ਹਨ।

ਮੰਤਰੀ ਦੇ ਦਫ਼ਤਰ ਦੇ ਇਕ ਬਿਆਨ ਮੁਤਾਬਕ ਬੇਲਗਾਵੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਚ ਇਕੱਲੇ 150 ਤੋਂ ਵੱਧ ਬਜ਼ਰੁਗਾਂ ਨੂੰ ਛੱਡਣ ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਸੂਬੇ ਦੀਆਂ ਹੋਰ ਮੈਡੀਕਲ ਸੰਸਥਾਵਾਂ ਵਿਚ ਅਜਿਹੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਮੰਤਰੀ ਨੇ ਇਸ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।

ਪਾਟਿਲ ਨੇ ਮੈਡੀਕਲ ਸਿੱਖਿਆ ਡਾਇਰੈਕਟਰ ਡਾ. ਬੀ.ਐਲ. ਸੁਜਾਤਾ ਰਾਠੌੜ ਨੂੰ ਹੁਕਮ ਦਿਤਾ ਕਿ ਉਹ ਸਾਰੇ ਹਸਪਤਾਲਾਂ ਅਤੇ ਮੈਡੀਕਲ ਸੰਸਥਾਨਾਂ ਦੇ ਪ੍ਰਮੁੱਖਾਂ ਨੂੰ ਇਸ ਬਾਰੇ ਸੂਚਿਤ ਕਰਨ ਅਤੇ ਬੱਚਿਆਂ ਵਿਰੁੱਧ ਕਾਰਵਾਈ ਕਰਨ ਲਈ ਸਹਾਇਕ ਕਮਿਸ਼ਨਰਾਂ (ਰੈਵੀਨਿਊ ਉਪ-ਵਿਭਾਗ) ਕੋਲ ਸ਼ਿਕਾਇਤਾਂ ਦਰਜ ਕਰਵਾਉਣ। ਜਿਸ ਤੋਂ ਬਾਅਦ ਅਜਿਹੇ ਬੱਚਿਆਂ ਖਿਲਾਫ਼ ਐਕਸ਼ਨ ਲਿਆ ਜਾ ਸਕੇ ਅਤੇ ਜਾਇਦਾਦ ਟਰਾਂਸਫ਼ਰ ਅਤੇ ਵਸੀਅਤ ਰੱਦ ਕੀਤੀ ਜਾ ਸਕੇ।


author

Tanu

Content Editor

Related News