‘ਅਲ ਨੀਨੋ’ ਪਿਆ ਕਮਜ਼ੋਰ, ਮਾਨਸੂਨ ਦੀ ਚੰਗੀ ਵਰਖਾ ਦੀ ਬੱਝੀ ਉਮੀਦ

Sunday, Feb 11, 2024 - 07:43 PM (IST)

ਨਵੀਂ ਦਿੱਲੀ, (ਭਾਸ਼ਾ)- ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ 2023 ਨੂੰ ਗਰਮ ਮੌਸਮ ਵਾਲਾ ਸਾਲ ਬਣਾਉਣ ਤੋਂ ਬਾਅਦ ‘ਅਲ ਨੀਨੋ’ ਦੀਆਂ ਦਿਸ਼ਾਵਾਂ ਇਸ ਸਾਲ ਜੂਨ ਤੱਕ ਕਮਜ਼ੋਰ ਹੋ ਜਾਣਗੀਆਂ ਜਿਸ ਕਾਰਨ ਇਸ ਵਾਰ ਮਾਨਸੂਨ ਦੇ ਚੰਗੇ ਮੀਂਹ ਪੈਣ ਦੀ ਉਮੀਦ ਵਧ ਗਈ ਹੈ। 

ਪੌਣਪਾਣੀ ਬਾਰੇ ਘੱਟੋ-ਘੱਟ 2 ਏਜੰਸੀਆਂ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਦੁਨੀਆ ਦੇ ਮੌਸਮ ਨੂੰ ਪ੍ਰਭਾਵਿਤ ਕਰਨ ਵਾਲਾ ‘ਅਲ ਨੀਨੋ’ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਹੈ। ਅਗਸਤ ਤੱਕ ‘ਲਾ ਨੀਨਾ’ ਦੇ ਹਾਲਾਤ ਬਣਨ ਦੀ ਸੰਭਾਵਨਾ ਹੈ।

ਅਲ ਨੀਨੋ ਭੂਮੱਧ ਪ੍ਰਸ਼ਾਂਤ ਮਹਾਸਾਗਰ ਦੇ ਪਾਣੀ ਦੇ ਗਰਮ ਹੋਣ ਦੀ ਪ੍ਰਕਿਰਿਆ ਹੈ। ਘਟਨਾਚੱਕਰ ’'ਤੇ ਨੇੜਿਓਂ ਨਜ਼ਰ ਰੱਖ ਰਹੇ ਭਾਰਤੀ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਜੂਨ-ਅਗਸਤ ਤੱਕ ‘ਲਾ ਨੀਨਾ’ ਦੇ ਹਾਲਾਤ ਬਣਨ ਦਾ ਮਤਲਬ ਇਹ ਹੋ ਸਕਦਾ ਹੈ ਕਿ ਇਸ ਸਾਲ ਮਾਨਸੂਨ ਦੀ ਬਾਰਸ਼ ਪਿਛਲੇ ਸਾਲ ਨਾਲੋਂ ਬਿਹਤਰ ਹੋਵੇਗੀ।

ਭੂਮੀ ਵਿਗਿਆਨ ਮੰਤਰਾਲਾ ਦੇ ਸਾਬਕਾ ਸਕੱਤਰ ਮਾਧਵਨ ਰਾਜੀਵਨ ਦਾ ਕਹਿਣਾ ਹੈ ਕਿ ਜੂਨ-ਜੁਲਾਈ ਤੱਕ ‘ਲਾ ਨੀਨਾ’ ਦੇ ਹਾਲਾਤ ਬਣਨ ਦੀ ਚੰਗੀ ਸੰਭਾਵਨਾ ਹੈ। ਜੇ ਅਲ ਨੀਨੋ ਦੱਖਣੀ ਓਸਿਲੇਸ਼ਨ-ਨਿਊਟਰਲ ਹਾਲਾਤ ਵਿੱਚ ਬਦਲ ਜਾਂਦਾ ਹੈ ਤਾਂ ਵੀ ਇਸ ਸਾਲ ਮਾਨਸੂਨ ਪਿਛਲੇ ਸਾਲ ਨਾਲੋਂ ਬਿਹਤਰ ਰਹੇਗਾ।

ਭਾਰਤ ਦੀ ਸਾਲਾਨਾ ਵਰਖਾ ਦਾ ਲਗਭਗ 70 ਪ੍ਰਤੀਸ਼ਤ ਯੋਗਦਾਨ ਦੱਖਣੀ-ਪੱਛਮੀ ਮਾਨਸੂਨ ਪਾਉਂਦਾ ਹੈ, ਜੋ ਖੇਤੀਬਾੜੀ ਖੇਤਰ ਲਈ ਅਹਿਮ ਹੈ। ਇਹ ਜੀ. ਡੀ. ਪੀ. ਦਾ ਲਗਭਗ 14 ਫੀਸਦੀ ਹੈ । ਦੇਸ਼ ਦੀ 140 ਕਰੋੜ ਆਬਾਦੀ ਦੇ ਅੱਧੇ ਤੋਂ ਵੱਧ ਹਿੱਸੇ ਨੂੰ ਇਹ ਰੁਜ਼ਗਾਰ ਦਿੰਦਾ ਹੈ।


Rakesh

Content Editor

Related News