ਹੁਣ ਬ੍ਰੇਨ ਡੈੱਡ ਮਰੀਜ਼ ਵੀ ਹੋਰਾਂ ਦੀ ਬਚਾਅ ਸਕਣਗੇ ਜਾਨ, ਪੰਜਾਬ ਦੇ ਇਸ ਹਸਪਤਾਲ ''ਚ ਤਿਆਰੀ ਸ਼ੁਰੂ
Tuesday, Dec 10, 2024 - 06:40 PM (IST)
ਅੰਮ੍ਰਿਤਸਰ (ਦਲਜੀਤ)-ਬ੍ਰੇਨ ਡੈੱਡ ਮਰੀਜ਼ ਵੀ ਹੁਣ ਗੰਭੀਰ ਬੀਮਾਰੀਆਂ ਤੋਂ ਗ੍ਰਸਤ ਮਰੀਜ਼ਾਂ ਦੀ ਕੀਮਤੀ ਜਾਨ ਬਚਾਉਣ ਵਿਚ ਸਹਾਈ ਸਾਬਤ ਹੋਣਗੇ। ਨੈਸ਼ਨਲ ਆਰਗਨ ਟਰਾਂਸਪਲਾਂਟ ਆਰਗਨਾਈਜੇਸ਼ਨ ਵੱਲੋਂ ਦਿਮਾਗ ਪੱਖੋਂ ਡੈੱਡ ਮਰੀਜ਼ਾਂ ਦੇ ਸਰੀਰ ਵਿੱਚੋਂ ਮਹੱਤਵਪੂਰਨ ਅੰਗ ਕੱਢ ਕੇ ਜ਼ਰੂਰਤਮੰਦ ਮਰੀਜ਼ਾਂ ਨੂੰ ਮੰਗ ਅਨੁਸਾਰ ਦੇਣ ਲਈ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ। ਸਰਕਾਰੀ ਮੈਡੀਕਲ ਕਾਲਜ ਅਧੀਨ ਚੱਲਣ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਉਕਤ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ। ਜੇਕਰ ਇਹ ਯੋਜਨਾ ਅਮਲ ਵਿਚ ਆ ਜਾਂਦੀ ਹੈ ਤਾਂ ਭਵਿੱਖ ਵਿਚ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ।
ਜਾਣਕਾਰੀ ਅਨੁਸਾਰ ਅੰਗਾਂ ਦੀ ਘਾਟ ਅਸਲ ਵਿਚ ਇਕ ਵਿਸ਼ਵ ਵਿਆਪੀ ਸਮੱਸਿਆ ਹੈ ਪਰ ਏਸ਼ੀਆ ਬਾਕੀ ਸੰਸਾਰ ਨਾਲੋਂ ਬਹੁਤ ਪਿੱਛੇ ਹੈ। ਭਾਰਤ ਏਸ਼ੀਆ ਦੇ ਦੂਜੇ ਦੇਸ਼ਾਂ ਤੋਂ ਵੀ ਬਹੁਤ ਪਿੱਛੇ ਹੈ। ਅਜਿਹਾ ਨਹੀਂ ਹੈ ਕਿ ਟ੍ਰਾਂਸਪਲਾਂਟ ਕਰਨ ਲਈ ਲੋੜੀਂਦੇ ਅੰਗ ਨਹੀਂ ਹਨ। ਲਗਭਗ ਹਰ ਵਿਅਕਤੀ ਜੋ ਕੁਦਰਤੀ ਤੌਰ ’ਤੇ ਮਰਦਾ ਹੈ, ਜਾਂ ਦੁਰਘਟਨਾ ਵਿਚ ਇਕ ਸੰਭਾਵੀ ਦਾਨੀ ਹੈ। ਫਿਰ ਵੀ ਅਣਗਿਣਤ ਮਰੀਜ਼ਾਂ ਨੂੰ ਕੋਈ ਦਾਨੀ ਨਹੀਂ ਲੱਭਦਾ। ਨੈਸ਼ਨਲ ਆਰਗਨ ਟਰਾਂਸਪਲਾਂਟ ਆਰਗਨਾਈਜੇਸ਼ਨ ਵੱਲੋਂ ਮਰੀਜ਼ਾਂ ਦੀ ਜਾਨ ਬਚਾਉਣ ਲਈ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ। ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਜੇਕਰ ਇਹੀ ਯੋਜਨਾ ਅਮਲ ਵਿਚ ਆ ਜਾਂਦੀ ਹੈ ਤਾਂ ਕਾਫੀ ਮਰੀਜ਼ਾਂ ਨੂੰ ਇਸ ਦਾ ਲਾਭ ਮਿਲੇਗਾ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਸਰੀਰ ਦਾ ਅੰਗ ਇਕ ਅਜਿਹੀ ਚੀਜ਼ ਹੈ, ਜਿਸ ਨਾਲ ਸਰੀਰ ਆਪਣਾ ਕੰਮ ਕਰਦਾ ਹੈ ਅਤੇ ਜਿੰਨਾ ਮਰੀਜ਼ਾਂ ਦੇ ਸਰੀਰ ਦੇ ਅੰਗ ਖਰਾਬ ਹੋ ਜਾਂਦੇ ਹਨ। ਉਨ੍ਹਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਸਮੇਂ ਇਕ ਵਿਸ਼ੇਸ਼ ਟੀਮ ਹਸਪਤਾਲ ਵਿਚ ਆਈ ਸੀ ਅਤੇ ਉਸ ਵੱਲੋਂ ਇਹ ਯੋਜਨਾ ਸਬੰਧੀ ਜਾਣੂ ਕਰਵਾਇਆ ਗਿਆ ਸੀ। ਉਨਾਂ ਦੱਸਿਆ ਸੀ ਕਿ ਜੇਕਰ ਜ਼ਰੂਰਤ ਪਈ ਤਾਂ ਪੀ. ਜੀ. ਆਈ. ਤੋਂ ਵਿਸ਼ੇਸ਼ ਟੀਮ ਬਣਾ ਕੇ ਅੰਗ ਟ੍ਰਾਂਸਪਲਾਂਟ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਵੀ ਵਿਸ਼ੇਸ਼ ਡਾਕਟਰ ਵੀ ਹਸਪਤਾਲ ਵਿੱਚ ਭੇਜਣ ਦੀ ਯੋਜਨਾ ਹੈ।
ਉਨ੍ਹਾਂ ਦੱਸਿਆ ਕਿ ਅੰਗ ਟ੍ਰਾਂਸਪਲਾਂਟ ਲਈ ਭਾਰਤ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਤਹਿਤ ਹੀ ਕੰਮ ਕੀਤਾ ਜਾਵੇਗਾ ਅਤੇ ਇਸ ਵਿਚ ਮ੍ਰਿਤਕ ਮਰੀਜ਼ ਦੇ ਰਿਸ਼ਤੇਦਾਰ ਦੀ ਮਨਜ਼ੂਰੀ ਅਤੇ ਕਾਨੂੰਨੀ ਦਸਤਾਵੇਜ਼ ਪ੍ਰਕਿਰਿਆਵਾਂ ਪੂਰੀਆਂ ਕਰਨ ਉਪਰੰਤ ਹੀ ਕੰਮ ਕੀਤਾ ਜਾਵੇਗਾ। ਫਿਲਹਾਲ ਲੀਵਰ, ਹਾਰਟ, ਮਸਲ, ਲੰਗਸ, ਕਿਡਨੀਆਂ, ਅੱਖਾਂ ਅਤੇ ਹੱਡੀਆਂ ਆਦਿ ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ। ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਪਹਿਲਾਂ ਹੀ ਮਰੀਜ਼ਾਂ ਨੂੰ ਵਧੀਆ ਸੇਵਾਵਾਂ ਦੇ ਰਿਹਾ ਹੈ ਅਤੇ ਜੇਕਰ ਇਹੀ ਯੋਜਨਾ ਅਮਲ ਵਿਚ ਆ ਜਾਂਦੀ ਹੈ ਤਾਂ ਹੋਰ ਵਧੀਆ ਢੰਗ ਨਾਲ ਗੰਭੀਰ ਤੋਂ ਗੰਭੀਰ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਜ਼ਿਕਰਯੋਗ ਹੈ ਕਿ ਭਾਰਤ ਵਿਚ ਅੰਗਾਂ ਦੀ ਘਾਟ ਦੀ ਸਥਿਤੀ ਹੈ, ਜਿਨ੍ਹਾਂ ਮਰੀਜ਼ਾਂ ਨੂੰ ਟ੍ਰਾਂਸਪਲਾਂਟ ਦੀ ਲੋੜ ਹੁੰਦੀ ਹੈ ਅਤੇ ਭਾਰਤ ਵਿਚ ਮੁਹੱਈਆ ਅੰਗਾਂ ਵਿਚ ਬਹੁਤ ਵੱਡਾ ਪਾੜਾ ਹੈ। ਅੰਦਾਜ਼ਨ ਲਗਭਗ 1.8 ਲੱਖ ਲੋਕ ਹਰ ਸਾਲ ਗੁਰਦੇ ਦੀ ਅਸਫਲਤਾ ਤੋਂ ਪੀੜਤ ਹੁੰਦੇ ਹਨ, ਹਾਲਾਂਕਿ ਕੀਤੇ ਗਏ ਗੁਰਦੇ ਦੇ ਟ੍ਰਾਂਸਪਲਾਂਟ ਦੀ ਗਿਣਤੀ ਸਿਰਫ 6000 ਦੇ ਕਰੀਬ ਹੈ। ਭਾਰਤ ਵਿਚ ਹਰ ਸਾਲ ਇਕ ਅੰਦਾਜ਼ਨ 2 ਲੱਖ ਮਰੀਜ਼ ਜਿਗਰ ਦੀ ਅਸਫ਼ਲਤਾ ਜਾਂ ਜਿਗਰ ਦੇ ਕੈਂਸਰ ਨਾਲ ਮਰਦੇ ਹਨ, ਜਿਨ੍ਹਾਂ ਵਿੱਚੋਂ ਲਗਭਗ 10-15 ਫੀਸਦੀ ਨੂੰ ਸਮੇਂ ਸਿਰ ਲਿਵਰ ਟ੍ਰਾਂਸਪਲਾਂਟ ਨਾਲ ਬਚਾਇਆ ਜਾ ਸਕਦਾ ਹੈ।
ਇਸ ਲਈ ਭਾਰਤ ਵਿਚ ਸਾਲਾਨਾ 25-30 ਹਜ਼ਾਰ ਲਿਵਰ ਟਰਾਂਸਪਲਾਂਟ ਦੀ ਲੋੜ ਹੁੰਦੀ ਹੈ ਪਰ ਸਿਰਫ਼ 1500 ਕਰੀਬ ਹੀ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਹਰ ਸਾਲ ਲਗਭਗ 50000 ਵਿਅਕਤੀ ਦਿਲ ਦੀ ਅਸਫ਼ਲਤਾ ਤੋਂ ਪੀੜਤ ਹੁੰਦੇ ਹਨ ਪਰ ਭਾਰਤ ਵਿਚ ਹਰ ਸਾਲ ਸਿਰਫ਼ 10 ਤੋਂ 15 ਦਿਲ ਟਰਾਂਸਪਲਾਂਟ ਕੀਤੇ ਜਾਂਦੇ ਹਨ। ਕੋਰਨੀਆ ਦੇ ਮਾਮਲੇ ਵਿਚ ਹਰ ਸਾਲ 1 ਲੱਖ ਦੀ ਲੋੜ ਦੇ ਮੁਕਾਬਲੇ ਲਗਭਗ 25000 ਟ੍ਰਾਂਸਪਲਾਂਟ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਕਾਨੂੰਨੀ ਕਾਰਵਾਈ ਉਪਰੰਤ ਹੀ ਅੰਗ ਹੋ ਸਕਦੇ ਹਨ ਤਬਦੀਲ
ਭਾਰਤ ਸਰਕਾਰ ਵੱਲੋਂ ਅੰਗ ਤਬਦੀਲ ਕਰਨ ਸਬੰਧੀ ਵਿਸ਼ੇਸ਼ ਕਾਨੂੰਨ ਬਣਾਇਆ ਗਿਆ ਹੈ ਅਤੇ ਨਿਯਮਾਂ ਤਹਿਤ ਹੀ ਇਸ ਦੀ ਤਬਦੀਲੀ ਸੰਭਵ ਹੈ। ਭਾਰਤ ਸਰਕਾਰ ਵੱਲੋਂ ਪੰਜਾਬ ਵਿਚ ਪਹਿਲਾਂ ਪੀ. ਜੀ. ਆਈ. ਵਿਚ ਅੰਗ ਤਬਦੀਲ ਕੀਤੇ ਜਾ ਰਹੇ ਹਨ ਅਤੇ ਹੁਣ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਹ ਤਬਦੀਲੀ ਦਾ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਯੋਜਨਾ ਭਾਵੇਂ ਅਜੇ ਅਮਲ ਵਿਚ ਨਹੀਂ ਆਈ ਹੈ ਪਰ ਜੇਕਰ ਅਮਲ ਵਿੱਚ ਆ ਜਾਂਦੀ ਹੈ ਤਾਂ ਭਵਿੱਖ ਵਿਚ ਕਾਫੀ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ। ਕਾਨੂੰਨ ਅਨੁਸਾਰ ਹਰ ਦਸਤਾਵੇਜ ਦੀ ਪੜਚੋਲ ਅਤੇ ਹਰ ਪੱਖ ਘੋਖ ਕੇ ਹੀ ਅੰਗ ਤਬਦੀਲ ਕਰਨ ਦੀ ਵਿਧੀ ਨੂੰ ਅੰਜਾਮ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਦੇ ਅਸਤੀਫੇ 'ਤੇ ਜਥੇਦਾਰ ਦਾ ਨਵਾਂ ਫ਼ੈਸਲਾ
ਬਿਹਤਰੀਨ ਕਾਰਜ ਕਰ ਰਹੀ ਹੈ ਨੈਸ਼ਨਲ ਆਰਗਨ ਟਰਾਂਸਪਲਾਂਟ ਆਰਗੇਨਾਈਜੇਸ਼ਨ
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਸਿੰਘ ਨੇ ਕਿਹਾ ਕਿ ਗੰਭੀਰ ਤੋਂ ਗੰਭੀਰ ਬੀਮਾਰੀਆਂ ਦੀ ਜਕੜ ਵਿਚ ਆਏ ਮਰੀਜ਼ਾਂ ਦੀ ਕੀਮਤੀ ਬਚਾਉਣ ਲਈ ਨੈਸ਼ਨਲ ਆਰਗਨ ਟਰਾਂਸਪਲਾਂਟ ਆਰਗੇਨਾਈਜੇਸ਼ਨ ਬਿਹਤਰੀਨ ਕਾਰਜ ਕਰ ਰਹੀ ਹੈ। ਆਰਗੇਨਾਈਜੇਸ਼ਨ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਨੂੰ ਜਿੱਥੇ ਅੰਗ ਪ੍ਰਦਾਨ ਕੀਤੇ ਜਾ ਰਹੇ ਹਨ, ਉਥੇ ਹੀ ਅਜਿਹੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਭਾਰਤ ਸਰਕਾਰ ਦੇ ਸਹਿਯੋਗ ਸਦਕਾ ਵਿਸ਼ੇਸ਼ ਨੀਤੀਆਂ ਬਣਾਈਆਂ ਜਾਂਦੀਆਂ ਹਨ। ਆਰਗੇਨਾਈਜੇਸ਼ਨ ਵੱਲੋਂ ਹੁਣ ਤੱਕ ਕਾਫੀ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ ਅਤੇ ਆਰਗੇਨਾਈਜੇਸ਼ਨ ਦੀ ਅਗਵਾਈ ਕਰਨ ਵਾਲੇ ਡਾਕਟਰ ਅਤੇ ਮਾਹਿਰ ਹਮੇਸ਼ਾ ਵੱਖ-ਵੱਖ ਸੂਬਿਆਂ ਦੇ ਪ੍ਰਸਿੱਧ ਸਰਕਾਰੀ ਹਸਪਤਾਲਾਂ ਨੂੰ ਨਾਲ ਲੈ ਕੇ ਕੰਮ ਕਰਨ ਦੀਆਂ ਪ੍ਰਕਿਰਿਆਵਾਂ ਨੂੰ ਅੰਜਾਮ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8