ਅੱਜ ਚੰਦ ਨਹੀਂ ਆਇਆ ਨਜ਼ਰ, ਹੁਣ ਦੇਸ਼ਭਰ ''ਚ ਸੋਮਵਾਰ ਨੂੰ ਮਨਾਈ ਜਾਵੇਗੀ ਈਦ
Saturday, May 23, 2020 - 11:28 PM (IST)
ਨਵੀਂ ਦਿੱਲੀ : ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸੋਮਵਾਰ ਨੂੰ ਈਦ ਮਨਾਈ ਜਾਵੇਗੀ ਅਤੇ ਐਤਵਾਰ ਨੂੰ ਆਖਰੀ ਰੋਜ਼ਾ ਹੋਵੇਗਾ। ਦਿੱਲੀ ਦੀਆਂ ਦੋ ਇਤਿਹਾਸਕ ਮਸਜਿਦਾਂ ਦੇ ਸ਼ਾਹੀ ਇਮਾਮਾਂ ਨੇ ਐਲਾਨ ਕੀਤਾ ਕਿ ਸ਼ਨੀਵਾਰ ਨੂੰ ਕਿਤੋਂ ਵੀ ਚੰਦ ਦਿਖਣ ਦੀ ਖਬਰ ਨਹੀਂ ਮਿਲੀ। ਇਸ ਲਈ ਈਦ-ਉਲ-ਫਿਤਰ ਦਾ ਤਿਉਹਾਰ ਸੋਮਵਾਰ ਨੂੰ ਮਨਾਇਆ ਜਾਵੇਗਾ।
ਫਤਿਹਪੁਰੀ ਮਸਜਿਦ ਦੇ ਸ਼ਾਹੀ ਇਮਾਮ ਮੌਲਾਨਾ ਮੁਫਤੀ ਮੁਕੱਰਮ ਨੇ ਦੱਸਿਆ ਕਿ ਸ਼ਨੀਵਾਰ ਨੂੰ ਦਿੱਲੀ 'ਚ ਚੰਦ ਨਹੀਂ ਨਜ਼ਰ ਆਇਆ ਅਤੇ ਨਾ ਹੀ ਚੰਦ ਦਿਖਣ ਦੀਆਂ ਖਬਰਾਂ ਮਿਲੀਆ। ਇਸ ਲਈ ਐਤਵਾਰ ਨੂੰ 30ਵਾਂ ਰੋਜ਼ਾ ਹੋਵੇਗਾ ਅਤੇ ਸ਼ੱਵਾਲ (ਇਸਲਾਮੀ ਕਲੈਂਡਰ ਦਾ 10ਵਾਂ ਮਹੀਨਾ) ਦੀ ਪਹਿਲੀ ਤਾਰੀਖ ਸੋਮਵਾਰ ਨੂੰ ਹੋਵੇਗੀ। ਸ਼ੱਵਾਲ ਦੇ ਮਹੀਨੇ ਦੇ ਪਹਿਲੇ ਦਿਨ ਈਦ ਹੁੰਦੀ ਹੈ।
ਉਥੇ ਹੀ ਜਾਮਾ ਮਸਜਿਦ ਦੇ ਇਮਾਮ ਸਈਦ ਅਹਿਮਦ ਬੁਖਾਰੀ ਨੇ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਕਿਤੋਂ ਵੀ ਚੰਦ ਦਿਖਣ ਦੀ ਕੋਈ ਖਬਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ, ਕਰਨਾਟਕ, ਹੈਦਰਾਬਾਦ, ਆਂਧਰਾ ਪ੍ਰਦੇਸ਼, ਮੁੰਬਈ, ਚੇਨਈ 'ਚ ਸੰਪਰਕ ਕਰ ਚੰਦ ਬਾਰੇ ਜਾਣਕਾਰੀ ਲਈ ਗਈ ਸੀ ਪਰ ਕਿਤੋਂ ਵੀ ਚੰਦ ਦਿਖਣ ਦੀ ਖਬਰ ਨਹੀਂ ਹੈ।