ਭੁੱਖ, ਕੁਪੋਸ਼ਣ, ਗਰੀਬੀ ਤੋਂ ਮੁਕਤੀ ਲਈ ਸਮੁੱਚੇ ਯਤਨ ਜ਼ਰੂਰੀ : ਕੋਵਿੰਦ

02/15/2018 9:24:04 AM

ਕਾਨਪੁਰ — ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਮਨੁੱਖਤਾ ਦੇ ਸੰਪੂਰਨ ਇਤਿਹਾਸ ਵਿਚ ਮਨੁੱਖੀ ਵਿਕਾਸ ਲਈ ਸਮੁੱਚੇ ਖੁਰਾਕ ਉਤਪਾਦਨ ਦੀ ਵਿਵਸਥਾ ਕਰਨੀ ਹਮੇਸ਼ਾ ਇਕ ਚੁਣੌਤੀ ਬਣੀ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਾਣੀ-ਮਾਤਰ ਲਈ ਭੋਜਨ ਮੁਹੱਈਆ ਕਰਾਉਣਾ ਇਕ ਵੱਡੀ ਜ਼ਿੰਮੇਵਾਰੀ ਅੱਜ ਵੀ ਖੇਤੀ ਵਿਗਿਆਨੀਆਂ ਦੇ ਸਾਹਮਣੇ ਮੌਜੂਦ ਹੈ। ਹਾਲਾਂਕਿ ਆਜ਼ਾਦੀ ਮਗਰੋਂ ਸਾਡੇ ਖੇਤੀ ਉਤਪਾਦਨ ਵਿਚ ਸ਼ਾਨਦਾਰ ਵਾਧਾ ਹੋਇਆ ਹੈ, ਫਿਰ ਵੀ ਭੁੱਖ, ਕੁਪੋਸ਼ਣ ਅਤੇ ਗਰੀਬੀ ਤੋਂ ਮੁਕਤੀ ਹਾਸਲ ਕਰਨ ਲਈ ਲਗਾਤਾਰ ਯਤਨਾਂ ਦੀ ਲੋੜ ਹੈ। ਅੱਜ ਸ਼ਹਿਰ ਦੇ ਚੰਦਰ ਸ਼ੇਖਰ ਆਜ਼ਾਦ ਖੇਤੀ ਅਤੇ ਤਕਨਾਲੋਜੀ ਯੂਨੀਵਰਸਿਟੀ (ਸੀ. ਐੱਸ. ਏ.) 'ਚ  4 ਦਿਨਾ 'ਐਗਰੀਕੋਨ-2018 ਕੌਮਾਂਤਰੀ ਸੰਮੇਲਨ' ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਰਕਾਰ ਦੀ ਖੇਤੀ ਨੀਤੀ 'ਚ ਕਿਸਾਨਾਂ ਲਈ ਉਤਪਾਦਕ ਅਤੇ ਲਾਭਕਾਰੀ ਆਨ-ਫਾਰਮ ਅਤੇ ਨਾਨ-ਫਾਰਮ ਰੋਜ਼ਗਾਰ ਸਿਰਜਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
'ਨਮਾਮਿ ਗੰਗੇ' ਪ੍ਰੋਗਰਾਮ ਦੀ ਚਰਚਾ ਕਰਦਿਆਂ ਸ਼੍ਰੀ ਕੋਵਿੰਦ ਨੇ ਕਿਹਾ ਕਿ ਦੇਸ਼ ਵਿਚ ਗੰਗਾ ਦਾ ਬੇਰੋਕ ਪ੍ਰਵਾਹ ਅਤੇ ਨਿਰਮਲ ਧਾਰਾ ਯਕੀਨੀ ਬਣਾਉਣ ਦੀ ਦਿਸ਼ਾ ਵਿਚ ਕੰਮ ਕਰਦੇ ਹੋਏ ਖੇਤੀ ਵਿਕਾਸ ਨੂੰ ਬਲ ਦਿੱਤਾ ਜਾ ਰਿਹਾ ਹੈ। ਸਾਡੇ ਦੇਸ਼ ਵਿਚ 60 ਫੀਸਦੀ ਖੇਤੀ ਅੱਜ ਵੀ ਮੀਂਹ 'ਤੇ ਆਧਾਰਿਤ ਹੈ ਅਤੇ ਲਗਭਗ 13 ਸੂਬਿਆਂ ਨੂੰ ਕਿਸੇ ਨਾ ਕਿਸੇ ਸਾਲ ਸੋਕੇ ਦੀ ਹਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ।


Related News