ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ CBSE ਅਧਿਕਾਰੀਆਂ 'ਤੇ ਵੱਡਾ ਐਕਸ਼ਨ, ਲਾਪ੍ਰਵਾਹੀ ਨੂੰ ਲੈ ਕੇ ਦਿੱਤੀ ਸਖ਼ਤ ਚੇਤਾਵਨੀ
Friday, May 29, 2026 - 09:35 AM (IST)
ਨਵੀਂ ਦਿੱਲੀ - ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਵਿਦਿਆਰਥੀਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਸਮਾਂਬੱਧ, ਪਾਰਦਰਸ਼ੀ ਤਰੀਕੇ ਨਾਲ ਹੱਲ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾਣ। ਸੈਕੰਡਰੀ ਸਿੱਖਿਆ ਦੇ ਕੇਂਦਰੀ ਬੋਰਡ (ਸੀ. ਬੀ. ਐੱਸ. ਈ.) ਦੇ ਮੁੱਖ ਦਫ਼ਤਰ 'ਚ ਇਕ ਉੱਚ ਪੱਧਰੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਖੁੰਝ ਜਾਂ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ 'ਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ‘ਆਨ-ਸਕ੍ਰੀਨ ਮਾਰਕਿੰਗ’ ਪ੍ਰਣਾਲੀ ਨੂੰ ਲੈ ਕੇ ਉੱਠੇ ਵਿਵਾਦ ਦਰਮਿਆਨ ਸੀ. ਬੀ. ਐੱਸ. ਈ. ਨੇ ਕਿਹਾ ਹੈ ਕਿ ਇਹ ਇਕ ‘ਸੁਰੱਖਿਅਤ ਅਤੇ ਮਜ਼ਬੂਤ ਸੂਚਨਾ ਟੈਕਨਾਲੋਜੀ ਪਲੇਟਫਾਰਮ’ ਹੈ ਅਤੇ ਅਸਲ ਮੁਲਾਂਕਣ ਪੋਰਟਲ ’ਚ ਕਿਸੇ ਵੀ ਤਰ੍ਹਾਂ ਦੀ ਸੰਨ੍ਹ ਜਾਂ ਖੁੰਝ ਦੀ ਕੋਈ ਸੂਚਨਾ ਨਹੀਂ ਹੈ।
ਸੀ. ਬੀ. ਐੱਸ. ਈ. ਨੇ ਇਹ ਵੀ ਕਿਹਾ ਕਿ ਇਸ ਪਲੇਟਫਾਰਮ ਦਾ, ‘ਪੈਨਲ ’ਚ ਸ਼ਾਮਲ ਏਜੰਸੀਆਂ ਤੋਂ ਸੁਰੱਖਿਆ ਆਡਿਟ ਕਰਵਾ ਕੇ ਪ੍ਰੀਖਣ ਅਤੇ ਪ੍ਰਮਾਣੀਕਰਨ’ ਕਰਵਾਇਆ ਗਿਆ ਹੈ। ਬੋਰਡ ਅਨੁਸਾਰ, ਇਹ ਪ੍ਰਣਾਲੀ ‘ਮਜ਼ਬੂਤ ਡਿਜੀਟਲ ਢਾਂਚੇ’ ਨਾਲ ਲੈਸ ਹੈ, ਜਿਸ ’ਚ ਆਂਸਰਸ਼ੀਟਾਂ ਦੀ ਸੁਰੱਖਿਅਤ ਸਕੈਨਿੰਗ ਅਤੇ ਪ੍ਰੋਸੈਸਿੰਗ ਲਈ ਕਈ ਪੱਧਰਾਂ ਦੀ ਗੁਣਵੱਤਾ ਜਾਂਚ ਅਤੇ ਸੁਰੱਖਿਆ ਉਪਾਅ ਸ਼ਾਮਲ ਹਨ।
ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਦਵਾਰਕਾ ਸਥਿਤ ਬੋਰਡ ਦੇ ਮੁੱਖ ਦਫ਼ਤਰ ’ਚ ਆਯੋਜਿਤ ਬੈਠਕ ’ਚ ਸਕੂਲ ਸਿੱਖਿਆ ਸਕੱਤਰ ਸੰਜੇ ਕੁਮਾਰ, ਸੀ. ਬੀ. ਐੱਸ. ਈ. ਪ੍ਰਧਾਨ ਰਾਹੁਲ ਸਿੰਘ, ਭਾਰਤੀ ਤਕਨੀਕੀ ਸੰਸਥਾਨ (ਆਈ. ਆਈ. ਟੀ.), ਮਦਰਾਸ ਅਤੇ ਆਈ. ਆਈ. ਟੀ., ਕਾਨਪੁਰ ਦੇ ਡਾਇਰੈਕਟਰ ਅਤੇ ਸਿੱਖਿਆ ਮੰਤਰਾਲਾ, ਕੇਂਦਰੀ ਵਿਦਿਆਲਿਆ ਸੰਗਠਨ, ਜਨਤਕ ਖੇਤਰ ਦੇ ਬੈਂਕਾਂ ਅਤੇ ਸੀ. ਬੀ. ਐੱਸ. ਈ. ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਬਿਆਨ ’ਚ ਕਿਹਾ ਗਿਆ, ‘‘ਬੈਠਕ ਦੌਰਾਨ, ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਦਾ ਹੁਕਮ ਦਿੱਤਾ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ, ਪਾਰਦਰਸ਼ੀ ਅਤੇ ਵਿਦਿਆਰਥੀ-ਪੱਖੀ ਤਰੀਕੇ ਨਾਲ ਹੱਲ ਕੀਤਾ ਜਾਵੇ।’
