ਮਰਦਮਸ਼ੁਮਾਰੀ 2027 ਨੂੰ ਲੈ ਕੇ ਵੱਡੀ ਅਪਡੇਟ, ਸਰਕਾਰ ਨੇ ਕੀਤਾ ਤਾਰੀਖ਼ਾਂ ਦਾ ਐਲਾਨ
Friday, Oct 30, 2026 - 09:39 PM (IST)
ਨਵੀਂ ਦਿੱਲੀ : ਭਾਰਤ ਦੇ ਰਜਿਸਟ੍ਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਮ੍ਰਿਤੁੰਜੈ ਕੁਮਾਰ ਨਾਰਾਇਣ ਵੱਲੋਂ ਜਾਰੀ ਅਧਿਕਾਰਤ ਨੋਟੀਫ਼ਿਕੇਸ਼ਨ ਅਨੁਸਾਰ ਦੇਸ਼ ਵਿੱਚ ਆਗਾਮੀ 'ਮਰਦਮਸ਼ੁਮਾਰੀ 2027' (Census 2027) ਦੀਆਂ ਤਾਰੀਖ਼ਾਂ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਨਵੇਂ ਸ਼ਡਿਊਲ ਅਨੁਸਾਰ ਦੇਸ਼ ਭਰ ਵਿੱਚ 25 ਜਨਵਰੀ 2027 ਤੋਂ 28 ਫ਼ਰਵਰੀ 2027 ਤੱਕ ਆਬਾਦੀ ਦੀ ਗਿਣਤੀ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਬਾਅਦ 1 ਮਾਰਚ ਤੋਂ 5 ਮਾਰਚ 2027 ਤੱਕ 'ਸੰਸ਼ੋਧਨ ਰਾਊਂਡ' ਚਲਾਇਆ ਜਾਵੇਗਾ।
ਨੋਟੀਫ਼ਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਘਰ-ਘਰ ਜਾ ਕੇ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਠੀਕ ਪਹਿਲਾਂ 10 ਜਨਵਰੀ 2027 ਤੋਂ 24 ਜਨਵਰੀ 2027 ਤੱਕ ਨਾਗਰਿਕਾਂ ਕੋਲ ਆਨਲਾਈਨ/ਡਿਜੀਟਲ ਮਾਧਿਅਮ ਰਾਹੀਂ ਖ਼ੁਦ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਦਰਜ ਕਰਨ ਦਾ ਵਿਕਲਪ ਵੀ ਉਪਲਬਧ ਹੋਵੇਗਾ।
ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਣੀਪੁਰ (ਅਗਲੇ ਐਲਾਨ ਤੱਕ), ਗੋਆ, ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਲਦਾਖ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਬਰਫ਼ਬਾਰੀ ਵਾਲੇ ਖੇਤਰਾਂ (ਜਿੱਥੇ ਮਰਦਮਸ਼ੁਮਾਰੀ ਦਾ ਸਮਾਂ ਅਲੱਗ ਹੁੰਦਾ ਹੈ) ਅਤੇ ਚੋਣਾਂ ਵਾਲੇ ਸੂਬਿਆਂ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਗਿਣਤੀ ਨਿਰਧਾਰਿਤ ਤਾਰੀਖ਼ਾਂ 'ਤੇ ਹੀ ਹੋਵੇਗੀ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਪਿਛਲੀ ਵਾਰ ਮਰਦਮਸ਼ੁਮਾਰੀ ਸਾਲ 2011 ਵਿੱਚ ਕਰਵਾਈ ਗਈ ਸੀ। ਇਸ ਤੋਂ ਬਾਅਦ ਸਾਲ 2021 ਵਿੱਚ ਮਰਦਮਸ਼ੁਮਾਰੀ ਹੋਣੀ ਪ੍ਰਸਤਾਵਿਤ ਸੀ, ਪਰ ਕੋਰੋਨਾ ਮਹਾਂਮਾਰੀ (Covid-19) ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਸਾਲ 2011 ਦੀ ਮਰਦਮਸ਼ੁਮਾਰੀ ਦੋ ਪੜਾਵਾਂ ਵਿੱਚ ਕਰਵਾਈ ਗਈ ਸੀ, ਜਿਸ ਅਨੁਸਾਰ ਦੇਸ਼ ਦੀ ਕੁੱਲ ਆਬਾਦੀ ਲਗਭਗ 1.21 ਅਰਬ ਦਰਜ ਕੀਤੀ ਗਈ ਸੀ।
