ਯੂ-ਟਿਊਬਰ ਅਨੁਰਾਗ ’ਤੇ ED ਦਾ ਸ਼ਿਕੰਜਾ ; ਦੁਬਈ ਕਰੂਜ਼ ’ਤੇ ਸ਼ਾਨਦਾਰ ਵਿਆਹ ਵੀ ਜਾਂਚ ਦੇ ਘੇਰੇ ’ਚ
Friday, Dec 19, 2025 - 10:48 PM (IST)
ਲਖਨਊ- ਡ੍ਰੀਮ-11 ਅਤੇ ਆਨਲਾਈਨ ਸੱਟੇਬਾਜ਼ੀ ਰਾਹੀਂ ਕਰੋੜਾਂ ਰੁਪਏ ਦੀ ਕਮਾਈ ਦੇ ਦੋਸ਼ਾਂ ’ਚ ਯੂ-ਟਿਊਬਰ ਅਨੁਰਾਗ ਦਿਵੇਦੀ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਈ. ਡੀ. ਦੀ 16 ਮੈਂਬਰੀ ਟੀਮ ਨੇ ਬੁੱਧਵਾਰ ਸਵੇਰੇ ਉਸ ਦੇ 3 ਟਿਕਾਣਿਆਂ ਨਵਾਬਗੰਜ ਬਲਾਕ ਦੇ ਖਜੂਰ ਪਿੰਡ ’ਚ ਉਸ ਦੇ ਜੱਦੀ ਘਰ, ਨਵਾਬਗੰਜ ਕਸਬੇ ’ਚ ਚਾਚੇ ਦੇ ਘਰ ਅਤੇ ਲਖਨਊ ਦੇ ਫਲੈਟ ’ਤੇ ਛਾਪੇਮਾਰੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਈ. ਡੀ. ਦੇ ਸੂਤਰਾਂ ਅਨੁਸਾਰ ਅਨੁਰਾਗ ਦਿਵੇਦੀ ਪਿਛਲੇ 3 ਸਾਲਾਂ ਤੋਂ ਆਈ. ਪੀ. ਐੱਲ. ਅਤੇ ਹੋਰ ਕ੍ਰਿਕਟ ਸੀਰੀਜ਼ ਦੌਰਾਨ ਡ੍ਰੀਮ-11 ਐਪ ਅਤੇ ਆਨਲਾਈਨ ਸੱਟੇਬਾਜ਼ੀ ਰਾਹੀਂ ਭਾਰੀ ਮੁਨਾਫ਼ਾ ਕਮਾ ਰਿਹਾ ਸੀ। ਉਹ ਸੋਸ਼ਲ ਮੀਡੀਆ ਅਤੇ ਯੂ-ਟਿਊਬ ਰਾਹੀਂ ਨੌਜਵਾਨਾਂ ਨੂੰ ਟੀਮ ਬਣਾਉਣ ਅਤੇ ਪੈਸਾ ਨਿਵੇਸ਼ ਕਰਨ ਲਈ ਪ੍ਰੇਰਿਤ ਕਰਦਾ ਸੀ। ਸ਼ੁਰੂਆਤੀ ਦੌਰ ’ਚ ਖੁਦ ਟੀਮਾਂ ਬਣਾ ਕੇ ਬਾਅਦ ’ਚ ਉਸ ਨੇ ਆਨਲਾਈਨ ਵੇਚਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਕਥਿਤ ਤੌਰ ’ਤੇ ਉਸ ਨੇ ਸੈਂਕੜੇ ਕਰੋੜ ਰੁਪਏ ਕਮਾਏ। ਈ. ਡੀ. ਦੀ ਕਾਰਵਾਈ ਦੌਰਾਨ ਬੈਂਕ ਖਾਤਿਆਂ ਦਾ ਵੇਰਵਾ, ਜਾਇਦਾਦ ਦੇ ਦਸਤਾਵੇਜ਼, ਪੈਨ ਡ੍ਰਾਈਵ ਅਤੇ ਸੀ. ਡੀ. ਸਮੇਤ ਕਈ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਨਵਾਬਗੰਜ ਕਸਬੇ ’ਚ ਚਾਚੇ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਮਿਲਿਆ ਤਾਂ ਸੀ. ਆਰ. ਪੀ. ਐੱਫ. ਦੀ ਮੌਜੂਦਗੀ ’ਚ ਘਰ ਘੇਰ ਕੇ ਬਾਅਦ ’ਚ ਤਾਲਾ ਖੁੱਲ੍ਹਵਾਇਆ ਗਿਆ। ਜਾਂਚ ਅਧਿਕਾਰੀ ਇਹ ਪਤਾ ਲਾਉਣ ’ਚ ਲੱਗੇ ਹੋਏ ਹਨ ਕਿ ਇਸ ਕਥਿਤ ਕਮਾਈ ਨੂੰ ਕਿੱਥੇ-ਕਿੱਥੇ ਨਿਵੇਸ਼ ਕੀਤਾ ਗਿਆ ਸੀ ਅਤੇ ਕੀ ਪੈਸੇ ਦੀ ਵਰਤੋਂ ਕਿਸੇ ਗੈਰ-ਕਾਨੂੰਨੀ ਗਤੀਵਿਧੀ ਲਈ ਤਾਂ ਨਹੀਂ ਹੋਈ।
21 ਨਵੰਬਰ ਨੂੰ ਦੁਬਈ ’ਚ ਕਰੂਜ਼ ਅਤੇ ਕੁਈਨ ਐਲਿਜ਼ਾਬੇਥ ਹੋਟਲ-2 ’ਚ ਆਯੋਜਿਤ ਅਨੁਰਾਗ ਦਾ ਵਿਆਹ ਵੀ ਈ. ਡੀ. ਦੀਆਂ ਨਜ਼ਰਾਂ ’ਚ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਮਾਰੋਹ ’ਚ ਕਰੋੜਾਂ ਰੁਪਏ ਖਰਚ ਕੀਤੇ ਗਏ ਅਤੇ ਦਿੱਲੀ ਦੀ ਰਹਿਣ ਵਾਲੀ ਕੁੜੀ ਨਾਲ ਵਿਆਹ ’ਚ ਕਈ ਪ੍ਰਮੁੱਖ ਹਸਤੀਆਂ ਅਤੇ ਬਾਲੀਵੁੱਡ ਨਾਲ ਜੁੜੇ ਲੋਕ ਸ਼ਾਮਲ ਹੋਏ। ਪਿੰਡ ਦੇ ਲੋਕਾਂ ਅਨੁਸਾਰ ਸੱਦੇ ਗਏ ਮਹਿਮਾਨਾਂ ਨੂੰ ਵਿਆਹ ਦੇ ਕਾਰਡ ਦੇ ਨਾਲ ਦੁਬਈ ਦੀ ਫਲਾਈਟ ਟਿਕਟ, ਰਿਹਾਇਸ਼ ਅਤੇ ਘੁੰਮਣ-ਫਿਰਨ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ।
ਸਿਰਫ਼ 3 ਸਾਲਾਂ ’ਚ 100 ਵਿੱਘੇ ਤੋਂ ਵੱਧ ਜ਼ਮੀਨ ਅਤੇ ਕਈ ਘਰ ਖਰੀਦੇ
ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਅਨੁਰਾਗ ਨੇ ਸਿਰਫ਼ 3 ਸਾਲਾਂ ’ਚ 100 ਵਿੱਘੇ ਤੋਂ ਵੱਧ ਜ਼ਮੀਨ ਅਤੇ ਕਈ ਘਰ ਖਰੀਦੇ, ਜਦਕਿ ਪਿਤਾ ਦੇ ਨਾਂ ’ਤੇ ਵੀ ਲੱਗਭਗ 30 ਵਿੱਘੇ ਜ਼ਮੀਨ ਲਈ ਗਈ। ਚਾਚਾ ਅਤੇ ਹੋਰ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ’ਚ ਵੀ ਵੱਡੀ ਰਕਮ ਦਾ ਪਤਾ ਲੱਗਿਆ ਹੈ, ਜਿਨ੍ਹਾਂ ਨੂੰ ਜਾਂਚ ’ਚ ਸ਼ਾਮਲ ਕੀਤਾ ਗਿਆ ਹੈ। ਉਸ ਕੋਲ ਮਰਸੀਡੀਜ਼, ਬੀ. ਐੱਮ. ਡਬਲਿਊ. ਅਤੇ ਡਿਫੈਂਡਰ ਵਰਗੀਆਂ ਮਹਿੰਗੀਆਂ ਗੱਡੀਆਂ ਹਨ। ਈ. ਡੀ. ਨੂੰ ਛਾਪੇਮਾਰੀ ਦੌਰਾਨ ਅਨੁਰਾਗ ਨਹੀਂ ਮਿਲਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਅਕਸਰ ਦਿੱਲੀ, ਮੁੰਬਈ ਅਤੇ ਵਿਦੇਸ਼ਾਂ ’ਚ ਰਹਿੰਦਾ ਹੈ ਅਤੇ ਫਿਲਹਾਲ ਦੁਬਈ ’ਚ ਹੈ। ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ।
