ਮਨੀ ਲਾਂਡਰਿੰਗ ਮਾਮਲਾ : ਈ. ਡੀ. ਨੇ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਨੂੰ ਕੀਤਾ ਤਲਬ
Friday, Feb 09, 2024 - 01:10 PM (IST)
ਰਾਂਚੀ, (ਭਾਸ਼ਾ)- ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਗ੍ਰਿਫਤਾਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਪੁੱਛਗਿੱਛ ਲਈ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਪ੍ਰਸਾਦ ਸਾਹੂ (64) ਨੂੰ ਤਲਬ ਕੀਤਾ ਹੈ। ਝਾਰਖੰਡ ਤੋਂ ਰਾਜ ਸਭਾ ਮੈਂਬਰ ਸਾਹੂ ਉਸ ਸਮੇਂ ਸੁਰਖੀਆਂ ’ਚ ਆਏ ਜਦੋਂ ਪਿਛਲੇ ਸਾਲ ਦਸੰਬਰ ’ਚ ਆਮਦਨ ਕਰ ਵਿਭਾਗ ਨੇ ਉਨ੍ਹਾਂ ਦੇ ਪਰਿਵਾਰ ਵੱਲੋਂ ਪ੍ਰਮੋਟਿਡ ਓਡੀਸ਼ਾ ਸਥਿਤ ਬੌਧ ਡਿਸਟਿਲਰੀ ਪ੍ਰਾਈਵੇਟ ਲਿਮਟਿਡ (ਬੀ. ਡੀ. ਪੀ. ਐੱਲ.) ਦੇ ਖਿਲਾਫ ਛਾਪੇਮਾਰੀ ਦੌਰਾਨ 351.8 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਬਤੀ ਹੈ।
ਸਮਝਿਆ ਜਾਂਦਾ ਹੈ ਕਿ ਸਾਹੂ ਨੂੰ ਰਾਂਚੀ ਸਥਿਤ ਈ. ਡੀ. ਦੇ ਦਫ਼ਤਰ ’ਚ 10 ਫਰਵਰੀ ਨੂੰ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਈ. ਡੀ. ਸੋਰੇਨ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਬਾਰੇ ਸਾਹੂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ।