ਐਕਸ਼ਨ ਮੋਡ ''ਚ ED, ਹੁਣ ''ਆਪ'' ਨੇਤਾ ਦੀਪਕ ਸਿੰਘਲਾ ਦੇ ਘਰ ਛਾਪੇਮਾਰੀ

Wednesday, Mar 27, 2024 - 11:44 AM (IST)

ਐਕਸ਼ਨ ਮੋਡ ''ਚ ED, ਹੁਣ ''ਆਪ'' ਨੇਤਾ ਦੀਪਕ ਸਿੰਘਲਾ ਦੇ ਘਰ ਛਾਪੇਮਾਰੀ

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਵਿਚ ਘਪਲੇ ਮਾਮਲੇ 'ਚ ਆਮ ਆਦਮੀ ਪਾਰਟੀ (ਆਪ) ਦੇ ਇਕ ਹੋਰ ਆਗੂ ਦੇ ਘਰ ਛਾਪਾ ਮਾਰਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੀਪਕ ਸਿੰਗਲਾ ‘ਆਪ’ ਦੇ ਦੂਜੇ ਆਗੂ ਹਨ, ਜਿਨ੍ਹਾਂ ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ।

ਦੀਪਕ ਸਿੰਗਲਾ ‘ਆਪ’ ਦੇ ਸਾਬਕਾ ਉਮੀਦਵਾਰ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਵਿਸ਼ਵਾਸ ਨਗਰ ਤੋਂ ਚੋਣ ਲੜੀ ਸੀ। ਇਸ ਤੋਂ ਇਲਾਵਾ ਉਹ ਗੋਆ ਦੇ 'ਆਪ' ਇੰਚਾਰਜ ਅਤੇ MCD ਦੇ ਸਹਿ-ਇੰਚਾਰਜ ਵੀ ਹਨ। ਇਸ ਤੋਂ ਪਹਿਲਾਂ ਈਡੀ ਨੇ 23 ਮਾਰਚ ਨੂੰ ਮਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਲਾਬ ਸਿੰਘ ਯਾਦਵ ਦੇ ਘਰ ਵੀ ਛਾਪਾ ਮਾਰਿਆ ਸੀ। ਦੀਪਕ ਸਿੰਗਲਾ ਦੇ ਗੋਆ ਨਾਲ ਕੁਨੈਕਸ਼ਨ ਹੋਣ ਦੀ ਵਜ੍ਹਾ ਤੋਂ ਮੰਨਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ  ਸ਼ਰਾਬ ਘਪਲੇ ਦੇ ਸਬੰਧ ਵਿਚ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਨੇ ਸ਼ਰਾਬ ਘਪਲੇ ਤੋਂ ਮਿਲੀ ਰਿਸ਼ਵਤ ਦਾ ਇਸਤੇਮਾਲ ਗੋਆ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਲਈ ਕੀਤਾ ਸੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਮਾਂਡ ਮੰਗਦੇ ਹੋਏ ਈਡੀ ਨੇ ਕੋਰਟ 'ਚ ਦਾਅਵਾ ਕੀਤਾ ਸੀ ਕਿ 45 ਕਰੋੜ ਰੁਪਏ ਹਵਾਲਾ ਜ਼ਰੀਏ ਗੋਆ ਭੇਜੇ ਗਏ ਸਨ। ਕੇਜਰੀਵਾਲ ਨੂ ਸ਼ਰਾਬ ਘਪਲੇ ਵਿਚ 21ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿਚ ਭੇਜਿਆ ਗਿਆ ਹੈ। ਕੇਜਰੀਵਾਲ ਤੋਂ ਈਡੀ ਪੁੱਛਗਿੱਛ ਕਰ ਰਹੀ ਹੈ।  ਇਸ ਮਾਮਲੇ ਵਿਚ ਕੇਜਰੀਵਾਲ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਅਤੇ ਸੰਚਾਰ ਮੁਖੀ ਵਿਜੇ ਨਾਇਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।


author

Tanu

Content Editor

Related News