ED ਵੱਲੋਂ ਟ੍ਰੈਵਲ ਏਜੰਟ ਤਰੁਣ ਖ਼ੋਸਲਾ ਦੀ ਗ੍ਰਿਫ਼ਤਾਰੀ ਮਗਰੋਂ ਸਨਸਨੀਖੇਜ਼ ਖ਼ੁਲਾਸੇ
Tuesday, Oct 27, 2026 - 07:50 PM (IST)
ਜਲੰਧਰ: ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਵਾਲੇ ਮਨੀ ਲਾਂਡਰਿੰਗ ਨੈੱਟਵਰਕ ਦੇ ਮੁੱਖ ਮੁਲਜ਼ਮ ਅਤੇ ਦਿੱਲੀ ਦੇ ਟਿਕਟਿੰਗ ਏਜੰਟ ਤਰੁਣ ਖੋਸਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ED ਦੇ ਜਲੰਧਰ ਜ਼ੋਨਲ ਦਫ਼ਤਰ ਵੱਲੋਂ ਬਿਆਨ ਜਾਰੀ ਕਰਕੇ ਜਾਂਚ ਸਬੰਧੀ ਹੋਰ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ। PMLA ਤਹਿਤ ਗ੍ਰਿਫ਼ਤਾਰ ਕੀਤਾ ਗਿਆ ਖੋਸਲਾ ਫਿਲਹਾਲ ਵਿਸ਼ੇਸ਼ ਅਦਾਲਤ ਦੇ ਹੁਕਮਾਂ 'ਤੇ 30 ਅਕਤੂਬਰ ਤੱਕ ਈ.ਡੀ. ਦੀ ਹਿਰਾਸਤ ਵਿਚ ਹੈ।
ਈ.ਡੀ. ਅਨੁਸਾਰ ਜਾਂਚ 'ਚ ਸਾਹਮਣੇ ਆਇਆ ਹੈ ਕਿ ਖੋਸਲਾ ਡੰਕੀ ਰੂਟ ਨੈੱਟਵਰਕ ਦਾ ਮੁੱਖ ਸੰਚਾਲਕ ਸੀ। ਉਹ ਪੰਜਾਬ ਅਤੇ ਹਰਿਆਣਾ ਦੇ ਕਈ ਏਜੰਟਾਂ ਨਾਲ ਮਿਲ ਕੇ ਕੰਮ ਕਰਦਾ ਸੀ, ਜੋ ਅਮਰੀਕਾ ਜਾਣ ਦੇ ਚਾਹਵਾਨਾਂ ਤੋਂ ਪਾਸਪੋਰਟ ਅਤੇ ਪੈਸੇ ਇਕੱਠੇ ਕਰਕੇ ਦਿੱਲੀ ਵਿਖੇ ਖੋਸਲਾ ਦੇ ਹਵਾਲੇ ਕਰਦੇ ਸਨ। ਲੋਕਾਂ ਨੂੰ ਕਾਨੂੰਨੀ ਰਸਤੇ ਭੇਜਣ ਦਾ ਝਾਂਸਾ ਦੇ ਕੇ ਪ੍ਰਤੀ ਵਿਅਕਤੀ 30 ਲੱਖ ਤੋਂ 60 ਲੱਖ ਰੁਪਏ ਤੱਕ ਵਸੂਲੇ ਜਾਂਦੇ ਸਨ, ਪਰ ਬਾਅਦ ਵਿਚ ਉਨ੍ਹਾਂ ਨੂੰ ਖਤਰਨਾਕ 'ਡੰਕੀ ਰੂਟ' ਰਾਹੀਂ ਭੇਜਿਆ ਜਾਂਦਾ ਸੀ।
ਈ.ਡੀ. ਦੇ ਬਿਆਨ ਮੁਤਾਬਕ ਖੋਸਲਾ ਗੁਆਨਾ, ਸੂਰੀਨਾਮ, ਇਕੂਆਡੋਰ ਅਤੇ ਏਲ ਸਾਲਵਾਡੋਰ ਵਰਗੇ ਦੱਖਣੀ ਅਮਰੀਕੀ ਦੇਸ਼ਾਂ ਲਈ ਵੀਜ਼ਾ ਅਤੇ ਹਵਾਈ ਟਿਕਟਾਂ ਦਾ ਪ੍ਰਬੰਧ ਕਰਦਾ ਸੀ। ਉਹ ਨਿਕਾਰਾਗੁਆ ਅਤੇ ਈਥੋਪੀਆ ਦੇ ਫਰਜ਼ੀ ਵੀਜ਼ਾ, ਜਾਅਲੀ ਇਮੀਗ੍ਰੇਸ਼ਨ ਸਟੈਂਪਾਂ, ਅਤੇ Yellow Fever ਦੇ ਫਰਜ਼ੀ ਟੀਕਾਕਰਨ ਸਰਟੀਫਿਕੇਟ ਤਿਆਰ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਉਂਦਾ ਸੀ।
ਮੋਬਾਈਲ ਡਾਟਾ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਖੋਸਲਾ 'ਇਮੀਗ੍ਰੇਸ਼ਨ-ਕਲੀਅਰੈਂਸ ਫਿਕਸਰ' ਵਜੋਂ ਕੰਮ ਕਰਦਾ ਸੀ। ਉਸ ਦੇ ਮੈਕਸੀਕੋ ਦੇ 'ਮਾਈਕ', ਬ੍ਰਾਜ਼ੀਲ ਦੇ 'ਅਲੀ' ਅਤੇ ਮੈਕਸੀਕੋ ਦੀ 'ਕ੍ਰਿਸਟੀ' ਵਰਗੇ ਵਿਦੇਸ਼ੀ ਡੌਂਕਰਾਂ ਨਾਲ ਸਿੱਧੇ ਸਬੰਧ ਸਨ। ਉਹ ਵਿਦੇਸ਼ੀ ਹਵਾਈ ਅੱਡਿਆਂ 'ਤੇ 'ਓਕੇ ਟੂ ਬੋਰਡ' ਦੀਆਂ ਹਦਾਇਤਾਂ, ਏਅਰਲਾਈਨ ਤੇ ਇਮੀਗ੍ਰੇਸ਼ਨ ਅਮਲੇ ਨਾਲ ਤਾਲਮੇਲ ਅਤੇ ਡਾਲਰਾਂ ਵਿਚ ਲੈਣ-ਦੇਣ ਦਾ ਸੰਚਾਲਨ ਕਰਦਾ ਸੀ।
ਵਿੱਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਖੋਸਲਾ ਦੀ ਫਰਮ 'ਬੀ.ਜੇ. ਇੰਟਰਨੈਸ਼ਨਲ' ਦੇ ਖਾਤੇ ਵਿੱਚ ਵਿੱਤੀ ਵਰ੍ਹੇ 2022-23 ਤੋਂ 2024-25 ਦਰਮਿਆਨ 414 ਨਕਦ ਲੈਣ-ਦੇਣਾਂ ਰਾਹੀਂ 30.38 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਸਨ। ਇਸ ਤੋਂ ਪਹਿਲਾਂ ਕੀਤੀਆਂ ਛਾਪੇਮਾਰੀਆਂ ਦੌਰਾਨ ਖੋਸਲਾ ਦੇ ਟਿਕਾਣਿਆਂ ਤੋਂ 4.62 ਕਰੋੜ ਰੁਪਏ ਨਕਦ, 5.9 ਕਿਲੋ ਸੋਨਾ ਅਤੇ 313 ਕਿੱਲੋ ਚਾਂਦੀ (ਕੁੱਲ ਕੀਮਤ 19.14 ਕਰੋੜ ਰੁਪਏ) ਜ਼ਬਤ ਕੀਤੇ ਗਏ ਸਨ। ਇਸ ਤੋਂ ਇਲਾਵਾ 50 ਤੋਂ ਵੱਧ ਅਸਲ ਪਾਸਪੋਰਟ ਅਤੇ 5.41 ਕਰੋੜ ਰੁਪਏ ਦੀਆਂ ਚੱਲ-ਅਚੱਲ ਜਾਇਦਾਦਾਂ ਵੀ ਕੁਰਕ ਕੀਤੀਆਂ ਜਾ ਚੁੱਕੀਆਂ ਹਨ।
ਦੱਸ ਦਈਏ ਕਿ ਈ.ਡੀ. ਦੀ ਇਹ ਕਾਰਵਾਈ ਅਮਰੀਕਾ ਤੋਂ ਮੈਕਸੀਕੋ ਸਰਹੱਦ ਰਾਹੀਂ ਗੈਰ-ਕਾਨੂੰਨੀ ਦਾਖਲੇ ਤੋਂ ਬਾਅਦ ਡਿਪੋਰਟ ਕੀਤੇ ਗਏ 300 ਤੋਂ ਵੱਧ ਭਾਰਤੀਆਂ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਪੁਲਸ ਵੱਲੋਂ ਦਰਜ FIRs ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ।
