''ਆਪ'' ਨੇਤਾ ਸੰਜੇ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ED ਨੇ ਦਾਇਰ ਕੀਤਾ ਦੋਸ਼ ਪੱਤਰ

Saturday, Dec 02, 2023 - 03:32 PM (IST)

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਈ.ਡੀ. ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਇਕ ਸਥਾਨਕ ਅਦਾਲਤ 'ਚ ਦੋਸ਼ ਪੱਤਰ ਦਾਇਰ ਕੀਤਾ। ਇਹ ਇਸ ਮਾਮਲੇ 'ਚ ਪੂਰਕ ਦੋਸ਼ ਪੱਤਰ ਹੈ, ਕਿਉਂਕਿ ਏਜੰਸੀ ਪਹਿਲਾਂ ਅਜਿਹੀਆਂ ਲਗਭਗ 5 ਸ਼ਿਕਾਇਤਾਂ ਦਾਇਰ ਕਰ ਚੁੱਕੀ ਹੈ।

ਈ.ਡੀ. ਨੇ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਇਸ ਮਾਮਲੇ 'ਚ ਅਕਤੂਬਰ 'ਚ ਗ੍ਰਿਫ਼ਤਾਰ ਕੀਤਾ ਸੀ। ਮਨੀ ਲਾਂਡਰਿੰਗ ਰੋਕਥਾਮ ਏਜੰਸੀ ਨੇ ਦੋਸ਼ ਲਗਾਇਆ ਸੀ ਕਿ ਦੋਸ਼ੀ ਕਾਰੋਬਾਰੀ ਦਿਨੇਸ਼ ਅਰੋੜਾ ਨੇ ਰਾਜ ਸਭਾ ਮੈਂਬਰ ਦੇ ਘਰ 'ਤੇ 2 ਕਿਸ਼ਤਾਂ 'ਚ 2 ਕਰੋੜ ਰੁਪਏ ਨਕਦ ਪਹੁੰਚਾਏ ਸਨ। ਸਿੰਘ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ। ਈ.ਡੀ. ਨੇ 2021-22 ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ 'ਆਪ' ਸੰਸਦ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ 'ਚ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਬਾਅਦ ਉਹ ਦੂਜੇ ਵੱਡੇ ਨੇਤਾ ਹਨ। ਦਿੱਲੀ 'ਤੇ ਸ਼ਾਸਨ ਕਰਨ ਵਾਲੀ 'ਆਪ' ਨੇ ਗ੍ਰਿਫ਼ਤਾਰੀਆਂ ਅਤੇ ਮਾਮਲੇ ਨੂੰ 'ਰਾਜਨੀਤਕ ਯੋਜਨਾ' ਕਰਾਰ ਦਿੱਤਾ ਹੈ। ਈ.ਡੀ. ਅਨੁਸਾਰ ਜਾਂਚ 'ਚ ਪਤਾ ਲੱਗਾ ਹੈ ਕਿ ਅਰੋੜਾ ਨੇ ਸਿੰਘ ਦੇ ਘਰ 2 ਮੌਕਿਆਂ 'ਤੇ 2 ਕਰੋੜ ਨਕਦ ਪਹੁੰਚਾਏ ਸਨ। ਅਗਸਤ 2021 ਤੋਂ ਅਪ੍ਰੈਲ 2022 ਵਿਚਾਲੇ ਇਹ ਨਕਦੀ ਪਹੁੰਚਾਈ ਗਈ।

 


DIsha

Content Editor

Related News