ED ਦੀ ਛਾਂਗੁਰ ’ਤੇ ਵੱਡੀ ਕਾਰਵਾਈ, ਬਲਰਾਮਪੁਰ ਅਤੇ ਮੁੰਬਈ ’ਚ 14 ਟਿਕਾਣਿਆਂ ’ਤੇ ਛਾਪੇਮਾਰੀ
Thursday, Jul 17, 2025 - 11:58 PM (IST)

ਲਖਨਊ/ਬਲਰਾਮਪੁਰ -ਗੈਰ-ਕਾਨੂੰਨੀ ਧਰਮ-ਤਬਦੀਲੀ ਦੇ ਮੁਲਜ਼ਮ ਜਲਾਲੂਦੀਨ ਉਰਫ ਛਾਂਗੁਰ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਅਤੇ ਮਹਾਰਾਸ਼ਟਰ ਦੇ ਮੁੰਬਈ ’ਚ ਕੁੱਲ 14 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਦੇ ਤਹਿਤ ਕੀਤੀ ਗਈ।
ਬਲਰਾਮਪੁਰ ਦੇ ਉਤਰੌਲਾ ’ਚ ਛਾਂਗੁਰ ਦੀ ਕੋਠੀ, ਸ਼ੋਅਰੂਮ ਅਤੇ ਕਈ ਕਰੀਬੀਆਂ ਦੇ ਘਰਾਂ ਦੀ ਸੀ. ਆਰ. ਪੀ. ਐੱਫ. ਦੀ ਮੌਜੂਦਗੀ ’ਚ ਤਲਾਸ਼ੀ ਲਈ ਗਈ। ਈ. ਡੀ. ਨੂੰ ਛਾਂਗੁਰ ਅਤੇ ਉਸ ਦੇ ਸਾਥੀਆਂ ਦੇ 40 ਖਾਤਿਆਂ ਨਾਲ ਜੁਡ਼ੇ ਲੱਗਭਗ 106 ਕਰੋਡ਼ ਰੁਪਏ ਦੇ ਲੈਣ-ਦੇਣ ਦੇ ਸਬੂਤ ਮਿਲੇ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਪੈਸੇ ਪੱਛਮ ਏਸ਼ੀਆ ਤੋਂ ਪ੍ਰਾਪਤ ਹੋਏ ਦੱਸੇ ਜਾ ਰਹੇ ਹਨ। ਈ. ਡੀ. ਦੀਆਂ 20 ਟੀਮਾਂ ਨੇ ਸਵੇਰੇ 5 ਵਜੇ ਉਤਰੌਲਾ ’ਚ ਛਾਪੇ ਮਾਰੇ ਅਤੇ ਜਿਨ੍ਹਾਂ ਥਾਵਾਂ ’ਤੇ ਕਾਰਵਾਈ ਹੋਈ, ਉੱਥੇ ਮੋਬਾਈਲ ਜ਼ਬਤ ਕਰ ਕੇ ਬੰਦ ਕਮਰੇ ’ਚ ਪੁੱਛਗਿੱਛ ਕੀਤੀ ਗਈ। ਕਈ ਦਸਤਾਵੇਜ਼ਾਂ ਅਤੇ ਜ਼ਮੀਨ ਦੀ ਰਜਿਸਟਰੀ ਦੀ ਵੀ ਜਾਂਚ ਕੀਤੀ ਗਈ।
ਏ. ਟੀ. ਐੱਸ. ਇਕ ਸ਼ੱਕੀ ਨੌਜਵਾਨ ਦੀ ਤਲਾਸ਼ ’ਚ ਗੋਂਡਾ ਪਹੁੰਚੀ
ਏ. ਟੀ. ਐੱਸ. ਇਕ ਸ਼ੱਕੀ ਨੌਜਵਾਨ ਦੀ ਤਲਾਸ਼ ’ਚ ਗੋਂਡਾ ਪਹੁੰਚੀ ਪਰ ਪਤਾ ਲੱਗਾ ਕਿ ਉਸ ਦੀ ਮਾਰਚ 2024 ’ਚ ਮੌਤ ਹੋ ਚੁੱਕੀ ਹੈ। ਨੌਜਵਾਨ ਦਾ ਨਾਂ ਰਮਜਾਨ ਅਲੀ ਦੱਸਿਆ ਗਿਆ, ਜੋ ਪਹਿਲਾਂ ਧਰਮ-ਤਬਦੀਲੀ ਦੇ ਇਕ ਮਾਮਲੇ ’ਚ ਜੇਲ ਜਾ ਚੁੱਕਿਆ ਸੀ। ਏਜੰਸੀਆਂ ਛਾਂਗੁਰ ਨਾਲ ਜੁਡ਼ੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਫਿਲਹਾਲ ਛਾਂਗੁਰ ਅਤੇ ਉਸ ਦੀ ਸਾਥੀ ਨੀਤੂ ਉਰਫ ਨਸਰੀਨ ਏ. ਟੀ. ਐੱਸ. ਦੀ ਗ੍ਰਿਫਤ ’ਚ ਹਨ ਅਤੇ ਜੇਲ ’ਚ ਬੰਦ ਹਨ।