ED ਨੇ ਤਾਮਿਲਨਾਡੂ ਦੇ ਅਪਰਾਧੀ ਦੀ 25 ਕਰੋੜ ਦੀ ਜਾਇਦਾਦ ਕੀਤੀ ਕੁਰਕ
Friday, Feb 18, 2022 - 05:58 PM (IST)
ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਅਧੀਨ ਤਾਮਿਲਨਾਡੂ ਦੇ ਇਕ ਅਪਰਾਧੀ ਦੀ ਕਰੀਬ 25 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਤਾਮਿਲਨਾਡੂ ਦਾ ਇਕ ਅਪਰਾਧੀ ਕਤਲ, ਰੰਗਦਾਰੀ ਅਤੇ ਡਕੈਤੀ ਦੇ ਕਈ ਮਾਮਲਿਆਂ 'ਚ ਨਾਮਜ਼ਦ ਹੈ। ਈ.ਡੀ. ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਈ.ਡੀ. ਨੇ ਦੱਸਿਆ ਕਿ ਚੇਨਈ ਉਪਨਗਰ 'ਚ ਸਥਿਤ 79 ਭੂਮੀ ਜਾਇਦਾਦ ਕੁਰਕ ਕੀਤੀ ਗਈ ਹੈ, ਜੋ ਅਪਰਾਧੀ ਪੀ.ਪੀ.ਜੀ.ਡੀ. ਸ਼ੰਕਰ ਦੇ ਅਤੇ ਬੇਨਾਮੀ ਨਾਂਵਾਂ ਨਾਲ ਸੰਬੰਧਤ ਹੈ। ਇਨ੍ਹਾਂ ਜਾਇਦਾਦਾਂ ਦੀ ਬਜ਼ਾਰ ਕੀਮਤ ਕਰੀਬ 25 ਕਰੋੜ ਰੁਪਏ ਹੈ। ਈ.ਡੀ. ਨੇ ਇਕ ਬਿਆਨ 'ਚ ਕਿਹਾ ਕਿ ਸ਼ੰਕਰ 'ਤੇ ਕਤਲ, ਜ਼ਬਰਨ ਵਸੂਲੀ, ਡਕੈਤੀ ਅਤੇ ਅਪਰਾਧਕ ਸਾਜਿਸ਼ ਵਰਗੇ ਅਪਰਾਧਾਂ ਲਈ ਘੱਟੋ-ਘੱਟ 15 ਮਾਮਲੇ ਦਰਜ ਹਨ ਅਤੇ ਤਿੰਨ ਦੋਸ਼ ਪੱਤਰ ਦਾਇਰ ਕੀਤੇ ਗਏ ਹਨ।
ਜਾਂਚ ਏਜੰਸੀ ਨੇ ਦਾਅਵਾ ਕੀਤਾ,''ਈ.ਡੀ. ਨੇ ਪੀ.ਪੀ.ਜੀ.ਡੀ. ਸ਼ੰਕਰ ਦੀਆਂ ਵੱਖ-ਵੱਖ ਬੇਨਾਮੀ ਜਾਇਦਾਦਾਂ ਦਾ ਪਤਾ ਲਗਾਇਆ, ਜੋ ਉਸ ਵਲੋਂ ਜ਼ਬਰਨ ਵਸੂਲੀ ਤੋਂ ਜਮ੍ਹਾ ਕੀਤੀ ਗਈ ਨਕਦੀ ਤੋਂ ਖਰੀਦੀ ਗਈਆਂ ਸਨ। ਇਨ੍ਹਾਂ ਜਾਇਦਾਦਾਂ ਦੀ ਖਰੀਦ 'ਚ ਨਕਦ ਭੁਗਤਾਨ ਦੇ ਸੰਬੰਧ 'ਚ ਉਹ ਕੋਈ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਹ ਧਨ ਜਾਇਜ਼ ਤਰੀਕੇ ਨਾਲ ਨਹੀਂ ਆਇਆ ਸੀ ਸਗੋਂ ਵੱਖ-ਵੱਖ ਲੋਕਾਂ ਤੋਂ ਕੀਤੀ ਗਈ ਜ਼ਬਰਨ ਵਸੂਲੀ ਤੋਂ ਆਇਆ ਸੀ।'' ਈ.ਡੀ. ਨੇ ਕਿਹਾ ਕਿ ਦੋਸ਼ੀ ਨੇ ਆਪਣੇ ਨਾਮ 'ਤੇ ਜਨਰਲ ਪਾਵਰ ਆਫ਼ ਅਟਾਰਨੀ (ਜੀ.ਪੀ.ਏ.) ਦੇ ਮਾਧਿਅਮ ਨਾਲ ਜਾਇਦਾਦਾਂ ਨੂੰ ਰਜਿਸਟਰਡ ਕਰ ਕੇ ਅਤੇ ਅਧਿਕਾਰਤ ਦਸਤਾਵੇਜ਼ਾਂ 'ਚ ਆਪਣੇ ਬੇਨਾਮੀ ਨਾਂਵਾਂ 'ਤੇ ਮਲਕੀਅਤ ਰੱਖੀ ਸੀ। ਇਸ ਨੇ ਦੱਸਿਆ,''ਜੀ.ਪੀ.ਏ. ਦਾ ਇਸਤੇਮਾਲ ਵਿਕਰੀ ਵਿਲੇਖ ਦੇ ਬਦਲ ਦੇ ਰੂਪ 'ਚ ਕੀਤਾ ਗਿਆ ਸੀ। ਉਸ ਨੇ ਅਜਿਹੀਆਂ ਜਾਇਦਾਦਾਂ ਲਈ ਭੁਗਤਾਨ ਕੀਤਾ ਸੀ ਪਰ ਖੁਦ ਨੂੰ ਬਚਾਉਣ ਲਈ ਜਾਇਦਾਦਾਂ ਨੂੰ ਆਪਣੇ ਨਾਮ ਰਜਿਸਟਰਡ ਨਹੀਂ ਕੀਤਾ, ਕਿਉਂਕਿ ਪੁਲਸ 'ਚ ਉਸ ਵਿਰੁੱਧ ਕਈ ਮਾਮਲੇ ਚੱਲ ਰਹੇ ਹਨ।''