ਬੰਗਾਲ ਅਧਿਆਪਕ ਭਰਤੀ ਘਪਲਾ: ED ਵੱਲੋਂ ਪਾਰਥ ਚੈਟਰਜੀ ਤੇ ਅਰਪਿਤਾ ਦੀ 46 ਕਰੋੜ ਦੀ ਜਾਇਦਾਦ ਕੁਰਕ
Monday, Sep 19, 2022 - 06:19 PM (IST)
ਨਵੀਂ ਦਿੱਲੀ– ਇਨਫੋਰਸਮੈਟ ਡਾਇਰੈਕਟੋਰੇਟ (ਈ. ਡੀ.) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਪੱਛਮੀ ਬੰਗਾਲ ਅਧਿਆਪਕ ਭਰਤੀ ਘਪਲੇ ’ਚ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ’ਚ ਸਾਬਕਾ ਮੰਤਰੀ ਪਾਰਥ ਚੈਟਰਜੀ ਅਤੇ ਉਨ੍ਹਾਂ ਦੀ ਸਹਿਯੋਗੀ ਅਰਪਿਤਾ ਮੁਖਰਜੀ ਦੀ 46.22 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ।
ਇਹ ਵੀ ਪੜ੍ਹੋ- ਜੱਜ ਦੇ ਸਾਹਮਣੇ ਭੁੱਬਾਂ ਮਾਰ ਰੋਏ ਪਾਰਥ ਚੈਟਰਜੀ, ਕਿਹਾ- ‘ਪਲੀਜ਼ ਮੈਨੂੰ ਜ਼ਮਾਨਤ ਦੇ ਦਿਓ, ਸ਼ਾਂਤੀ ਨਾਲ ਜਿਉਣ ਦਿਓ’
ਸੰਘੀ ਜਾਂਚ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਕੁਰਕ ਕੀਤੀ ਗਈ ਜਾਇਦਾਦ ’ਚ ਇਕ ਫਾਰਮ ਹਾਊਸ, ਕਈ ਫਲੈਟ ਅਤੇ ਕੋਲਕਾਤਾ ’ਚ 40.33 ਕਰੋੜ ਰੁਪਏ ਦੀ ਜ਼ਮੀਨ ਸਮੇਤ 40 ਅਚੱਲ ਸੰਪਤੀਆਂ ਸ਼ਾਮਲ ਹਨ। ਇਸ ਤੋਂ ਇਲਾਵਾ 35 ਬੈਂਕ ਖਾਤਿਆਂ ’ਚ ਜਮਾਂ 7.89 ਕਰੋੜ ਰੁਪਏ ਦੀ ਧਨ ਰਾਸ਼ੀ ਵੀ ਕੁਰਕ ਕੀਤੀ ਗਈ ਹੈ। ਈ. ਡੀ ਮੁਤਾਬਕ ਅਜਿਹਾ ਵੇਖਿਆ ਗਿਆ ਕਿ ਕੁਰਕ ਕੀਤੀ ਗਈ ਜਾਇਦਾਦ ਤੋਂ ਪਾਰਥ ਚੈਟਰਜੀ ਅਤੇ ਅਰਪਿਤਾ ਨੂੰ ਫਾਇਦਾ ਮਿਲਿਆ। ਏਜੰਸੀ ਮੁਤਾਬਕ ਕੁਰਕ ਕੀਤੀ ਗਈ ਜਾਇਦਾਦ ਮੁਖੌਟਾ ਕੰਪਨੀਆਂ ਅਤੇ ਚੈਟਰਜੀ ਲਈ ਕੰਮ ਕਰ ਰਹੇ ਲੋਕਾਂ ਦੇ ਨਾਂ ’ਤੇ ਦਰਜ ਪਾਈਆਂ ਗਈਆਂ।
ਇਹ ਵੀ ਪੜ੍ਹੋ- ਅਧਿਆਪਕ ਭਰਤੀ ਘਪਲਾ: ED ਨੇ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਨੂੰ ਕੀਤਾ ਗ੍ਰਿਫ਼ਤਾਰ
ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ’ਚ ਸਾਬਕਾ ਮੰਤਰੀ ਚੈਟਰਜੀ ਅਤੇ ਉਨ੍ਹਾਂ ਦੀ ਕਰੀਬੀ ਸਹਾਇਕ ਨੂੰ ਈ. ਡੀ. ਨੇ ਜੁਲਾਈ ’ਚ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਨੇ ਕੋਲਕਾਤਾ ਅਤੇ ਹੋਰ ਹਿੱਸਿਆਂ ’ਚ ਇਸ ਮਾਮਲੇ ’ਚ ਛਾਪੇ ਮਾਰਨ ਮਗਰੋਂ 49.80 ਕਰੋੜ ਰੁਪਏ ਦੀ ਨਕਦੀ ਅਤੇ 55 ਕਰੋੜ ਰੁਪਏ ਤੋਂ ਵੱਧ ਦੇ ਸੋਨੇ ਦੇ ਗਹਿਣੇ ਜ਼ਬਤ ਕੀਤੇ ਸਨ।