ED ਨੇ ਆਪਣੇ ਵੱਖ-ਵੱਖ ਦਫ਼ਤਰਾਂ ''ਚ ਨਿਯੁਕਤ ਕੀਤੇ 29 ਅਧਿਕਾਰੀ
Sunday, Jul 14, 2024 - 02:38 PM (IST)
ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦੇਸ਼ ਭਰ 'ਚ ਸਥਿਤ ਆਪਣੇ ਦਫਤਰਾਂ ਵਿਚ ਵੱਖ-ਵੱਖ ਅਹੁਦਿਆਂ 'ਤੇ 24 ਤੋਂ ਵੱਧ ਨਵ-ਨਿਯੁਕਤ ਅਤੇ ਹਾਲ ਹੀ ਵਿਚ ਤਰੱਕੀ ਕੀਤੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਹਫ਼ਤੇ ਸਹਾਇਕ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਜੁਆਇੰਟ ਡਾਇਰੈਕਟਰ ਦੇ ਅਹੁਦਿਆਂ 'ਤੇ ਕੁੱਲ 29 ਅਧਿਕਾਰੀਆਂ ਦੀ ਨਿਯੁਕਤੀ ਕੀਤੀ ਸੀ। ਇਸ 'ਚ ਈ.ਡੀ. ਕੈਡਰ ਦੇ 9 ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਨੂੰ ਕੇਂਦਰੀ ਵਿੱਤ ਮੰਤਰਾਲਾ ਨੇ ਹਾਲ ਹੀ 'ਚ ਤਰੱਕੀ ਦਿੱਤੀ ਸੀ। ਜਾਂਚ ਏਜੰਸੀ 'ਚ ਇਹ ਪਹਿਲੀ ਵਾਰ ਹੈ ਕਿ ਇੰਨੇ ਅਧਿਕਾਰੀਆਂ ਨੂੰ ਜੁਆਇੰਟ ਡਾਇਰੈਕਟਰ (ਜੇ.ਡੀ.) ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ। ਆਦੇਸ਼ ਦੀ ਕਾਪੀ ਦੇ ਅਨੁਸਾਰ, ਕੈਡਰ ਦੇ ਅਧਿਕਾਰੀਆਂ ਨੂੰ ਭੁਵਨੇਸ਼ਵਰ, ਰਾਏਪੁਰ, ਭੋਪਾਲ, ਚੇਨਈ, ਗੁਹਾਟੀ ਸਥਿਤ ਈ.ਡੀ. ਦੇ ਖੇਤਰੀ ਦਫ਼ਤਰਾਂ ਅਤੇ ਦਿੱਲੀ ਸਥਿਤ ਹੈੱਡ ਕੁਆਰਟਰ 'ਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਈ.ਡੀ. 'ਚ ਸੰਯੁਕਤ ਡਾਇਰੈਕਟਰ ਇਕ ਮਹੱਵਪੂਰਨ ਅਹੁਦਾ ਹੈ, ਜੋ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਅਤੇ ਵਿਦੇਸ਼ੀ ਮੁਦਰਾ ਉਲੰਘਣਾ ਨਾਲ ਸੰਬੰਧਤ ਜਾਂਚ ਦੀ ਨਿਗਰਾਨੀ ਕਰਦੇ ਹਨ। ਇਨ੍ਹਾਂ ਅਹੁਦਿਆਂ 'ਤੇ ਆਮ ਤੌਰ 'ਤੇ ਭਾਰਤੀ ਮਾਲ ਸੇਵਾ (ਆਈ.ਆਰ.ਐੱਸ.) ਅਤੇ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਹਨ, ਜੋ ਡੈਪੂਟੇਸ਼ਨ 'ਤੇ ਏਜੰਸੀ 'ਚ ਸ਼ਾਮਲ ਹੁੰਦੇ ਹਨ। ਇਨਕਮ ਟੈਕਸ ਅਤੇ ਕਸਟਮ ਵਿਭਾਗ ਤੋਂ ਹਾਲ ਹੀ 'ਚ ਡੈਪੂਟੇਸ਼ਨ 'ਤੇ ਈ.ਡੀ. 'ਚ ਸ਼ਾਮਲ ਕੁੱਲ 18 ਆਈ.ਆਰ.ਐੱਸ. ਅਧਿਕਾਰੀਆਂ ਨੂੰ ਵੀ ਪਿਛਲੇ ਹਫ਼ਤੇ ਜਾਰੀ ਵੱਖ-ਵੱਖ ਨਿਯੁਕਤੀ ਆਦੇਸ਼ਾਂ ਦੇ ਅਧੀਨ ਸਹਾਇਕ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਹੈ। ਕੇਂਦਰੀ ਵਿੱਤ ਮੰਤਰਾਲਾ ਦੇ ਅਧੀਨ ਕੰਮ ਕਰਨ ਵਾਲੀ ਈ.ਡੀ. ਤਿੰਨ ਕਾਨੂੰਨਾਂ- ਮਨੀ ਲਾਂਡਰਿੰਗ ਦੀ ਰੋਕਥਾਮ ਐਕਟ (ਪੀ.ਐੱਮ.ਐੱਲ.ਏ.), ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਅਤੇ ਭਗੌੜਾ ਆਰਥਿਕ ਅਪਰਾਧੀ ਐਕਟ (ਐੱਫ.ਆਈ.ਓ.ਏ.) ਦੇ ਅਧੀਨ ਵਿੱਤੀ ਲੈਣ-ਦੇਣ ਨਾਲ ਸੰਬੰਧਤ ਅਪਰਾਧਾਂ ਦੀ ਜਾਂਚ ਕਰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e