ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਦੀ ਟੀਮ ਪਹੁੰਚੀ ਜੰਮੂ-ਕਸ਼ਮੀਰ

Thursday, Aug 08, 2024 - 01:27 PM (IST)

ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਦੀ ਟੀਮ ਪਹੁੰਚੀ ਜੰਮੂ-ਕਸ਼ਮੀਰ

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਸਿਆਸੀ ਪਾਰਟੀਆਂ ਤੋਂ ਫੀਡਬੈਕ ਲੈਣ ਲਈ ਭਾਰਤੀ ਚੋਣ ਕਮਿਸ਼ਨ (ECI) ਦੀ ਇਕ ਟੀਮ ਵੀਰਵਾਰ ਨੂੰ ਇੱਥੇ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਅਗਵਾਈ ਹੇਠ ਟੀਮ ਅੱਜ ਸਵੇਰੇ ਇੱਥੇ ਪੁੱਜੀ। ਇਹ ਟੀਮ 'ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਆਡੀਟੋਰੀਅਮ' (SKICC) 'ਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰੇਗੀ। ਜੰਮੂ-ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਮੰਗਲਵਾਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਪੱਤਰ ਜਾਰੀ ਕਰਕੇ ਉਨ੍ਹਾਂ ਨੂੰ ਚੋਣ ਕਮਿਸ਼ਨ ਨਾਲ ਮੀਟਿੰਗ ਲਈ ਸੱਦਾ ਦਿੱਤਾ ਸੀ।

ਸਿਆਸੀ ਪਾਰਟੀਆਂ ਨੂੰ ਚੋਣ ਕਮਿਸ਼ਨ ਨਾਲ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨੈਸ਼ਨਲ ਕਾਨਫਰੰਸ (ਐਨ.ਸੀ), ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ. ਡੀ. ਪੀ), ਭਾਜਪਾ, ਕਾਂਗਰਸ ਅਤੇ ਜੰਮੂ ਅਤੇ ਕਸ਼ਮੀਰ ਪੈਂਥਰਜ਼ ਪਾਰਟੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀ ECI ਟੀਮ ਨੂੰ ਮਿਲਣ ਲਈ SKICC ਪਹੁੰਚੇ। ਉਨ੍ਹਾਂ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਪੀ. ਕੇ. ਪੋਲੇ ਅਤੇ ਕਈ ਸੀਨੀਅਰ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ 'ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਆਡੀਟੋਰੀਅਮ' ਪਹੁੰਚੇ। ਚੋਣ ਕਮਿਸ਼ਨ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਚੋਣਾਂ ਕਰਾਉਣ ਲਈ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ 30 ਸਤੰਬਰ ਦੀ ਸਮਾਂ ਸੀਮਾ ਤੋਂ ਹਫ਼ਤੇ ਪਹਿਲਾਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰੇਗਾ।

ਕੁਮਾਰ ਦੇ ਨਾਲ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ SS ਸੰਧੂ ਵੀ ਹਨ। ਕਮਿਸ਼ਨ ਸਾਰੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ ਅਤੇ ਪੁਲਸ ਸੁਪਰਡੈਂਟਾਂ ਦੇ ਨਾਲ-ਨਾਲ ਮੁੱਖ ਸਕੱਤਰ ਅਤੇ ਪੁਲਸ ਡਾਇਰੈਕਟਰ ਜਨਰਲ ਨਾਲ ਵੀ ਤਿਆਰੀਆਂ ਦੀ ਸਮੀਖਿਆ ਕਰੇਗਾ। ਚੋਣ ਕਮਿਸ਼ਨ ਦੇ ਮੈਂਬਰਾਂ ਦਾ ਤਿੰਨ ਦਿਨਾਂ ਦੌਰਾ 10 ਅਗਸਤ ਨੂੰ ਜੰਮੂ ਵਿਚ ਖ਼ਤਮ ਹੋਵੇਗਾ, ਜਿੱਥੇ ਉਹ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਮੀਖਿਆ ਮੀਟਿੰਗ ਕਰਨਗੇ। ਜੰਮੂ ਅਤੇ ਕਸ਼ਮੀਰ 'ਚ ਲੋਕ ਸਭਾ ਚੋਣਾਂ ਵਿਚ ਰਿਕਾਰਡ ਵੋਟਿੰਗ ਮਗਰੋਂ ਕੁਮਾਰ ਨੇ ਕਿਹਾ ਇਹ ਸਰਗਰਮ ਭਾਗੀਦਾਰੀ ਛੇਤੀ ਹੀ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇਕ ਵੱਡੀ ਸਕਾਰਾਤਮਕ ਗੱਲ ਹੈ ਤਾਂ ਜੋ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਲੋਕਤੰਤਰੀ ਪ੍ਰਕਿਰਿਆ ਜਾਰੀ ਰਹੇ। ਮੁੱਖ ਚੋਣ ਅਧਿਕਾਰੀ ਅਤੇ ਕੇਂਦਰੀ ਫੋਰਸ ਕੋਆਰਡੀਨੇਟਰ ਨਾਲ ਕਮਿਸ਼ਨ ਸਥਿਤੀ ਦੀ ਸਮੀਖਿਆ ਕਰੇਗਾ।


author

Tanu

Content Editor

Related News