5000 ਵੀਜ਼ੇ, 20 ਅਰਬ ਦਾ ਨਿਵੇਸ਼ ਤੇ Duty-Free ਅਕਸੈਸ! ਭਾਰਤ-NZ ਵਿਚਾਲੇ ਇਤਿਹਾਸਕ ਸਮਝੌਤਾ ਸਹੀਬੱਧ

Monday, Apr 27, 2026 - 04:02 PM (IST)

5000 ਵੀਜ਼ੇ, 20 ਅਰਬ ਦਾ ਨਿਵੇਸ਼ ਤੇ Duty-Free ਅਕਸੈਸ! ਭਾਰਤ-NZ ਵਿਚਾਲੇ ਇਤਿਹਾਸਕ ਸਮਝੌਤਾ ਸਹੀਬੱਧ

ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ ਨੇ ਆਪਣੇ ਆਰਥਿਕ ਸਬੰਧਾਂ ਨੂੰ ਨਵੀਂਆਂ ਉਚਾਈਆਂ 'ਤੇ ਲਿਜਾਂਦਿਆਂ ਅੱਜ ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤੇ (FTA) 'ਤੇ ਦਸਤਖਤ ਕੀਤੇ ਹਨ। ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੇ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟੌਡ ਮੈਕਲੇ ਨੇ ਇਸ ਅਹਿਮ ਦਸਤਾਵੇਜ਼ 'ਤੇ ਸਹੀ ਪਾਈ।

ਸਮਝੌਤੇ ਦੀਆਂ ਮੁੱਖ ਵਿਸ਼ੇਸ਼ਤਾਵਾਂ
ਭਾਰਤੀ ਨਿਰਯਾਤ ਨੂੰ ਵੱਡਾ ਹੁਲਾਰਾ:
ਇਸ ਸਮਝੌਤੇ ਤਹਿਤ ਭਾਰਤ ਦੇ ਸਾਰੇ 8,284 ਨਿਰਯਾਤ ਉਤਪਾਦਾਂ ਨੂੰ ਨਿਊਜ਼ੀਲੈਂਡ ਦੇ ਬਾਜ਼ਾਰ ਵਿੱਚ ਪਹਿਲੇ ਦਿਨ ਤੋਂ ਹੀ 100 ਫੀਸਦੀ ਡਿਊਟੀ-ਫ੍ਰੀ ਪਹੁੰਚ ਮਿਲੇਗੀ। ਇਸ ਨਾਲ ਕੱਪੜਾ, ਚਮੜਾ, ਜੁੱਤੀਆਂ, ਫਾਰਮਾਸਿਊਟੀਕਲ ਅਤੇ ਇੰਜੀਨੀਅਰਿੰਗ ਵਸਤੂਆਂ ਦੇ ਨਿਰਯਾਤ ਨੂੰ ਭਾਰੀ ਫਾਇਦਾ ਹੋਵੇਗਾ। ਖਾਸ ਕਰਕੇ ਚਮੜਾ ਉਦਯੋਗ ਲਈ ਡਿਊਟੀ 5 ਫੀਸਦੀ ਤੋਂ ਘਟ ਕੇ ਜ਼ੀਰੋ ਹੋ ਜਾਵੇਗੀ, ਜਿਸ ਨਾਲ ਆਗਰਾ ਵਰਗੇ ਨਿਰਯਾਤ ਕੇਂਦਰਾਂ ਨੂੰ ਲਾਭ ਮਿਲੇਗਾ।

ਖੇਤੀਬਾੜੀ ਅਤੇ ਸੰਵੇਦਨਸ਼ੀਲ ਖੇਤਰਾਂ ਦੀ ਰਾਖੀ: ਭਾਰਤ ਨੇ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਡੇਅਰੀ ਉਤਪਾਦਾਂ, ਪਿਆਜ਼, ਦਾਲਾਂ, ਖੰਡ ਅਤੇ ਖਾਣ ਵਾਲੇ ਤੇਲ ਵਰਗੇ ਸੰਵੇਦਨਸ਼ੀਲ ਖੇਤਰਾਂ ਨੂੰ ਇਸ ਸਮਝੌਤੇ ਤੋਂ ਬਾਹਰ ਰੱਖਿਆ ਹੈ। ਦੂਜੇ ਪਾਸੇ, ਨਿਊਜ਼ੀਲੈਂਡ ਦੀ ਉੱਨਤ ਖੇਤੀ ਤਕਨੀਕ ਨਾਲ ਭਾਰਤੀ ਕਿਸਾਨਾਂ ਨੂੰ ਕੀਵੀ, ਸੇਬ ਅਤੇ ਸ਼ਹਿਦ ਦੀ ਪੈਦਾਵਾਰ ਵਧਾਉਣ ਵਿੱਚ ਮਦਦ ਮਿਲੇਗੀ।

ਨਿਊਜ਼ੀਲੈਂਡ ਤੇ ਭਾਰਤ ਵਿਚਾਲੇ 'ਇੰਡੋ-ਪੈਸੀਫਿਕ ਪ੍ਰੋਸਪੈਰਿਟੀ ਅਕੌਰਡ'
ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹੋਏ ਨਵੇਂ ਵਪਾਰਕ ਸਮਝੌਤੇ ਨੇ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ 'ਚ ਇੱਕ ਨਵਾਂ ਮੋੜ ਲਿਆਂਦਾ ਹੈ। ਇਸ ਸਮਝੌਤੇ ਦੇ ਤਹਿਤ ਜਿੱਥੇ ਭਾਰਤੀ ਪੇਸ਼ੇਵਰਾਂ ਲਈ ਨਿਊਜ਼ੀਲੈਂਡ ਦੇ ਰਾਹ ਖੁੱਲ੍ਹਣਗੇ, ਉੱਥੇ ਹੀ ਭਾਰਤ ਵਿੱਚ ਵੱਡੇ ਪੱਧਰ 'ਤੇ ਵਿਦੇਸ਼ੀ ਨਿਵੇਸ਼ ਦੀ ਯੋਜਨਾ ਵੀ ਬਣਾਈ ਗਈ ਹੈ। ਇਸ ਮੁਕਤ ਵਪਾਰ ਸਮਝੌਤੇ (FTA) ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ, ਨਿਊਜ਼ੀਲੈਂਡ ਨੇ ਭਾਰਤੀ ਪੇਸ਼ੇਵਰਾਂ ਲਈ ਇੱਕ ਅਸਥਾਈ ਵੀਜ਼ਾ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਯੋਜਨਾ ਦੇ ਤਹਿਤ ਹਰ ਸਾਲ ਲਗਭਗ 1,667 ਵੀਜ਼ਾ ਜਾਰੀ ਕੀਤੇ ਜਾਣਗੇ। ਇਹ ਪ੍ਰੋਗਰਾਮ ਤਿੰਨ ਸਾਲਾਂ ਲਈ ਹੋਵੇਗਾ, ਅਤੇ ਇੱਕ ਸਮੇਂ ਵਿੱਚ ਵੱਧ ਤੋਂ ਵੱਧ 5,000 ਕਰਮਚਾਰੀਆਂ ਦੀ ਸੀਮਾ ਤੈਅ ਕੀਤੀ ਗਈ ਹੈ।

20 ਬਿਲੀਅਨ ਡਾਲਰ ਦਾ ਨਿਵੇਸ਼
ਨਿਊਜ਼ੀਲੈਂਡ ਨੇ ਅਗਲੇ 15 ਸਾਲਾਂ ਦੌਰਾਨ ਭਾਰਤ 'ਚ 20 ਬਿਲੀਅਨ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ (FDI) ਕਰਨ ਦੀ ਵਚਨਬੱਧਤਾ ਜਤਾਈ ਹੈ। ਇਹ ਨਿਵੇਸ਼ ਮੁੱਖ ਤੌਰ 'ਤੇ ਹੇਠ ਲਿਖੇ ਖੇਤਰਾਂ 'ਚ ਕੀਤੇ ਜਾਣ ਦੀ ਉਮੀਦ ਹੈ।
ਬੁਨਿਆਦੀ ਢਾਂਚਾ (Infrastructure)
ਨਵਿਆਉਣਯੋਗ ਊਰਜਾ (Renewable energy)
ਖੇਤੀਬਾੜੀ (Agriculture)
ਤਕਨਾਲੋਜੀ (Technology)

ਸੇਵਾਵਾਂ ਤੇ ਛੋਟੇ ਉਦਯੋਗਾਂ (MSMEs) ਨੂੰ ਸਮਰਥਨ
ਇਹ ਸਮਝੌਤਾ ਵਿੱਤ, ਸੈਰ-ਸਪਾਟਾ, ਡਿਜੀਟਲ ਸੇਵਾਵਾਂ ਅਤੇ ਰਚਨਾਤਮਕ ਉਦਯੋਗਾਂ ਸਮੇਤ ਲਗਭਗ 139 ਸੇਵਾ ਖੇਤਰਾਂ ਤੱਕ ਫੈਲਿਆ ਹੋਇਆ ਹੈ। ਇਸ ਤੋਂ ਇਲਾਵਾ, ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ (MSMEs) ਨੂੰ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਉਹ ਵਪਾਰਕ ਜਾਣਕਾਰੀ ਪ੍ਰਾਪਤ ਕਰ ਸਕਣ ਤੇ ਵਿਸ਼ਵ ਪੱਧਰੀ ਸਪਲਾਈ ਚੇਨ ਦਾ ਹਿੱਸਾ ਬਣ ਸਕਣ।

ਆਯੁਸ਼ (AYUSH) ਨੂੰ ਮਾਨਤਾ: ਪਹਿਲੀ ਵਾਰ ਕਿਸੇ ਦੇਸ਼ ਨੇ ਭਾਰਤੀ ਰਵਾਇਤੀ ਇਲਾਜ ਪ੍ਰਣਾਲੀ 'ਆਯੁਸ਼' ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ ਹੈ, ਜਿਸ ਨੂੰ ਨਿਊਜ਼ੀਲੈਂਡ ਦੀ ਮਾਓਰੀ ਸਿਹਤ ਪ੍ਰਣਾਲੀ ਦੇ ਬਰਾਬਰ ਸਥਾਨ ਦਿੱਤਾ ਗਿਆ ਹੈ।

ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਦੁਵੱਲਾ ਵਪਾਰ ਲਗਭਗ 1.3 ਬਿਲੀਅਨ ਡਾਲਰ ਹੈ, ਜਿਸ ਨੂੰ ਅਗਲੇ ਪੰਜ ਸਾਲਾਂ ਵਿੱਚ ਵਧਾ ਕੇ 5 ਬਿਲੀਅਨ ਡਾਲਰ ਤੱਕ ਲਿਜਾਣ ਦਾ ਟੀਚਾ ਮਿੱਥਿਆ ਗਿਆ ਹੈ। ਇਹ ਸਮਝੌਤਾ ਰਿਕਾਰਡ 9 ਮਹੀਨਿਆਂ ਦੇ ਅੰਦਰ ਸਿਰੇ ਚੜ੍ਹਿਆ ਹੈ, ਜੋ ਦੋਵਾਂ ਦੇਸ਼ਾਂ ਦੇ ਮਜ਼ਬੂਤ ਸਿਆਸੀ ਅਤੇ ਆਰਥਿਕ ਸਬੰਧਾਂ ਨੂੰ ਦਰਸਾਉਂਦਾ ਹੈ।


author

Baljit Singh

Content Editor

Related News