ਅਨੋਖਾ ਦੁਸਹਿਰਾ: ਜਿੱਥੇ ਰਾਵਣ ਦਹਿਨ ਨਹੀਂ, ਸਗੋਂ 26 ਸਾਲਾਂ ਤੋਂ ਕੀਤੀ ਜਾ ਰਹੀ ਐ ਉਸ ਦੀ ਪੂਜਾ !

Tuesday, Oct 20, 2026 - 03:43 PM (IST)

ਅਨੋਖਾ ਦੁਸਹਿਰਾ: ਜਿੱਥੇ ਰਾਵਣ ਦਹਿਨ ਨਹੀਂ, ਸਗੋਂ 26 ਸਾਲਾਂ ਤੋਂ ਕੀਤੀ ਜਾ ਰਹੀ ਐ ਉਸ ਦੀ ਪੂਜਾ !

ਮਥੁਰਾ (ਏਜੰਸੀ)- ਜਿੱਥੇ ਦੇਸ਼ ਭਰ 'ਚ ਦੁਸਹਿਰੇ ਮੌਕੇ ਝੂਠ 'ਤੇ ਸੱਚ ਦੀ ਜਿੱਤ ਦੇ ਪ੍ਰਤੀਕ ਵਜੋਂ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ, ਉੱਥੇ ਹੀ ਬ੍ਰਜ ਦੀ ਧਰਤੀ ਮਥੁਰਾ 'ਚ ਇਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਮਥੁਰਾ 'ਚ ਯਮੁਨਾ ਕਿਨਾਰੇ ਸਥਿਤ ਲੰਕੇਸ਼ਵਰ ਮਹਾਦੇਵ ਮੰਦਰ 'ਚ ਦੁਸਹਿਰੇ ਦੇ ਦਿਨ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪਰੰਪਰਾ ਪਿਛਲੇ 26 ਸਾਲਾਂ ਤੋਂ ਸਾਰਸਵਤ ਭਾਈਚਾਰੇ ਅਤੇ ਲੰਕੇਸ਼ ਭਗਤ ਮੰਡਲ ਵਲੋਂ ਨਿਭਾਈ ਜਾ ਰਹੀ ਹੈ।

ਯਮੁਨਾ ਕਿਨਾਰੇ ਸਥਿਤ ਲੰਕੇਸ਼ਵਰ ਮਹਾਦੇਵ ਮੰਦਰ ਕੰਪਲੈਕਸ 'ਚ ਭਗਵਾਨ ਸ਼ਿਵ ਦੀ ਪੂਜਾ ਕਰਨ ਵਾਲੇ 10 ਸਿਰਾਂ ਵਾਲੇ ਰਾਵਣ ਦੀ ਮੂਰਤੀ ਸਥਾਪਤ ਹੈ। ਦੁਸਹਿਰੇ ਦੇ ਸ਼ੁਭ ਮੌਕੇ 'ਤੇ ਲੰਕੇਸ਼ ਭਗਤ ਮੰਡਲ ਅਤੇ ਸਾਰਸਵਤ ਭਾਈਚਾਰੇ ਦੇ ਮੈਂਬਰ ਇੱਥੇ ਇਕੱਠੇ ਹੋਏ। ਸਮਾਗਮ ਦੌਰਾਨ ਮਹਾਮੰਤਰਾਂ ਦਾ ਜਾਪ ਕੀਤਾ ਗਿਆ ਅਤੇ ਰਾਵਣ ਦੀ ਇਕ ਵਿਸ਼ਾਲ ਮਹਾਆਰਤੀ ਕੀਤੀ ਗਈ। ਇਸ ਦੇ ਨਾਲ ਹੀ ਸਮਾਜ ਦੇ ਲੋਕਾਂ ਨੇ ਜਗ੍ਹਾ-ਜਗ੍ਹਾ ਪੁਤਲੇ ਸਾੜੇ ਜਾਣ ਦਾ ਵਿਰੋਧ ਵੀ ਕੀਤਾ।

ਲੰਕੇਸ਼ ਭਗਤ ਮੰਡਲ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਰਾਵਣ ਤ੍ਰਿਕਾਲਦਰਸ਼ੀ (ਭੂਤਕਾਲ, ਵਰਤਮਾਨ ਅਤੇ ਭਵਿੱਖ ਦਾ ਦਰਸ਼ਕ), ਚਾਰ ਵੇਦਾਂ ਦਾ ਡੂੰਘਾ ਵਿਦਵਾਨ ਅਤੇ ਭਗਵਾਨ ਸ਼ਿਵ ਦੇ ਪਰਮ ਭਗਤ ਸੀ। ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਮਾਤਾ ਸੀਤਾ ਨੂੰ ਛੂਹਿਆ ਤੱਕ ਨਹੀਂ ਸੀ। ''ਜੋ ਵਿਅਕਤੀ ਇਕ ਵਾਰ ਮਰ ਚੁੱਕਾ ਹੈ ਅਤੇ ਉਸ ਨੂੰ ਵਾਰ-ਵਾਰ ਕਿਉਂ ਮਾਰਿਆ ਜਾਂਦਾ ਹੈ। ਹਾਰ ਸਾਲ ਇਕ ਮਹਾਨ ਵਿਦਵਾਨ ਅਤੇ ਬ੍ਰਾਹਮਣ ਦੇ ਪੁਤਲੇ ਸਾੜਨਾ ਨਾ ਸਿਰਫ਼ ਅਪਮਾਨਜਨਕ ਹੈ, ਸਗੋਂ ਸਾਡੀ ਸੰਸਕ੍ਰਿਤੀ ਦੇ ਵੀ ਖ਼ਿਲਾਫ਼ ਹੈ। ਰਾਵਣ ਨੂੰ ਸਾੜਨ ਤੋਂ ਪਹਿਲਾਂ, ਮਨੁੱਖ ਨੂੰ ਰਾਮ ਬਣਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਸਾੜਨਾ ਹੀ ਹੈ, ਤਾਂ ਰਾਵਣ ਦਾ ਪੁਤਲਾ ਨਾ ਸਾੜੋ, ਸਗੋਂ ਆਪਣੇ ਅੰਦਰ ਲੁਕੇ ਹੋਏ ਹੰਕਾਰ ਅਤੇ ਵਿਕਾਰਾਂ ਨੂੰ ਸਾੜੋ।"

ਸਾਰਸਵਤ ਭਾਈਚਾਰੇ ਦਾ ਤਰਕ ਹੈ ਕਿ ਧਰਮ ਗ੍ਰੰਥਾਂ 'ਚ ਪੁਤਲਾ ਸਾੜਨ ਦਾ ਕੋਈ ਜ਼ਿਕਰ ਨਹੀਂ ਹੈ, ਅਤੇ ਇਹ ਕਿ ਇਕ ਵਿਦਵਾਨ ਬ੍ਰਾਹਮਣ ਦਾ ਪੁਤਲਾ ਸਾੜਨਾ ਬ੍ਰਹਮਹੱਤਿਆ (ਬ੍ਰਾਹਮਣ ਨੂੰ ਮਾਰਨਾ) ਦੇ ਪਾਪ ਦੇ ਬਰਾਬਰ ਹੈ। ਇਸ ਸੰਦੇਸ਼ ਦੇ ਨਾਲ, ਲੰਕੇਸ਼ ਭਗਤ ਮੰਡਲ ਦੇ ਮੈਂਬਰ ਆਮ ਲੋਕਾਂ 'ਚ ਜਾਗਰੂਕਤਾ ਪੈਦਾ ਕਰ ਰਹੇ ਹਨ ਅਤੇ ਦੁਸਹਿਰੇ 'ਤੇ ਰਾਵਣ ਦਾ ਪੁਤਲਾ ਨਾ ਸਾੜਨ ਦੀ ਅਪੀਲ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News