Shardiya Navratri 2026 : ਨਰਾਤੇ ਦੇ ਪਹਿਲੇ ਦਿਨ ਨੰਦੀ 'ਤੇ ਸਵਾਰ ਹੋ ਕੇ ਆਵੇਗੀ ਦੇਵੀ ਸ਼ੈਲਪੁੱਤਰੀ, ਜਾਣੋ ਪੂਜਾ ਦੀ ਵ

10/10/2026 1:24:28 PM

ਨਵੀਂ ਦਿੱਲੀ - ਸ਼ਾਰਦੀਆ ਨਰਾਤੇ ਦਾ ਤਿਉਹਾਰ ਦੇਵੀ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਨਾਲ ਮਨਾਇਆ ਜਾਂਦਾ ਹੈ। ਇਸ ਨੌਂ ਦਿਨਾਂ ਦੇ ਤਿਉਹਾਰ ਦੌਰਾਨ, ਪਹਿਲੇ ਦਿਨ ਦੇਵੀ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਦੇਵੀ ਸ਼ੈਲਪੁੱਤਰੀ ਨੂੰ ਹਿਮਾਲਿਆ ਦੀ ਧੀ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਅਰਾਧਨਾ ਕਰਨ ਨਾਲ ਸ਼ਰਧਾਲੂਆਂ ਦੇ ਮਨ 'ਚ ਸਥਿਰਤਾ ਆਉਂਦੀ ਹੈ। ਇਨ੍ਹਾਂ ਦੀ ਪੂਜਾ ਕਰਨ ਨਾਲ ਤੁਸੀਂ ਆਪਣੇ ਜੀਵਨ 'ਚ ਸਕਾਰਾਤਮਕ ਬਦਲਾਅ ਮਹਿਸੂਸ ਕਰਦੇ ਹੋ।

ਦੇਵੀ ਸ਼ੈਲਪੁੱਤਰੀ ਦਾ ਰੂਪ
ਦੇਵੀ ਸ਼ੈਲਪੁੱਤਰੀ ਦਾ ਰੂਪ ਬਹੁਤ ਸ਼ਾਂਤ ਅਤੇ ਸਰਲ ਹੈ। ਦੇਵੀ ਦੇ ਇਕ ਹੱਥ 'ਚ ਤ੍ਰਿਸ਼ੂਲ ਹੈ ਤੇ ਦੂਜੇ ਹੱਥ 'ਚ ਕਮਲ ਹੈ। ਦੇਵੀ ਸ਼ੈਲਪੁੱਤਰੀ ਦੀ ਸਵਾਰੀ ਨੰਦੀ ਨੂੰ ਮੰਨਿਆ ਜਾਂਦਾ ਤਾਂ ਇਸ ਲਈ ਉਨ੍ਹਾਂ ਨੂੰ ਵ੍ਰਿਸ਼ੋਰੁਧਾ ਅਤੇ ਉਮਾ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਦੇਵੀ ਦੇਵੀ ਸ਼ੈਲਪੁੱਤਰੀ ਦੀ ਸਵਾਰੀ ਦਾ ਨੰਦੀ ਭਗਵਾਨ ਸ਼ਿਵ ਦਾ ਹੀ ਰੂਪ ਹੈ ਇਸ ਲਈ ਉਨ੍ਹਾਂ ਨੂੰ ਸਾਰੇ ਜੀਵਾਂ ਦਾ ਰਖਵਾਲਾ ਵੀ ਕਿਹਾ ਜਾਂਦਾ ਹੈ। 

ਦੇਵੀ ਸ਼ੈਲਪੁੱਤਰੀ ਨੇ ਤੱਪ ਰਾਹੀਂ ਭਗਵਾਨ ਸ਼ਿਵ ਨੂੰ ਪ੍ਰਸੰਨ ਕੀਤਾ ਅਤੇ ਇਸ ਲਈ ਉਨ੍ਹਾਂ ਦੇ ਪ੍ਰਭਾਵ 'ਚ ਉਹ ਸਾਰੇ ਭਗਤ ਸ਼ਾਮਲ ਹਨ ਜੋ ਯੋਗ, ਧਿਆਨ, ਤੱਪ ਅਤੇ ਰਸਮਾਂ ਲਈ ਹਿਮਾਲਿਆ 'ਚ ਪਨਾਹ ਲੈਂਦੇ ਹਨ। ਦੇਵੀ ਸ਼ੈਲਪੁੱਤਰੀ ਦੀ ਪੂਜਾ ਜੋ ਵੀ ਸੱਚੇ ਮਨ ਨਾਲ ਕਰਦਾ ਹੈ ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦਾ ਹੈ। 

ਨਰਾਤੇ ਦੇ ਪਹਿਲੇ ਦਿਨ ਪਾਓ ਇਹ ਕੱਪੜੇ
ਨਰਾਤੇ ਦੇ ਪਹਿਲੇ ਦਿਨ ਸੰਤਰੀ, ਲਾਲ ਤੇ ਪੀਲੇ ਕੱਪੜੇ ਪਹਿਨਣਾ ਬੜਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਇਸ ਰੰਗ ਦੇ ਕੱਪੜੇ ਪਹਿਨਣ ਨਾਲ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। 

ਭੋਗ 
ਨਰਾਤੇ ਦੇ ਪਹਿਲੇ ਦਿਨ ਦੇਵੀ ਸ਼ੈਲਪੁੱਤਰੀ ਨੂੰ ਸਫੇਦ ਚੀਜ਼ਾਂ ਦਾ ਭੋਗ ਚੜ੍ਹਦਾ ਹੈ ਜਿਸ 'ਚ ਬਰਫੀ, ਖੀਰ ਤੇ ਰਬੜੀ ਦਾ ਭੋਗ ਸ਼ਾਮਲ ਹਨ। 

ਪੂਜਾ ਦੀ ਵਿਧੀ
ਨਰਾਤੇ ਦੇ ਪਹਿਲੇ ਦਿਨ ਦੇਵੀ ਦੀ ਪੂਜਾ ਕਰਨ ਤੋਂ ਪਹਿਲਾਂ ਪੂਰੀ ਵਿਧੀ ਤੇ ਸ਼ੁੱਭ ਸਮੇਂ ਅਨੁਸਾਰ ਕਲਸ਼ ਦੀ ਸਥਾਪਨਾ ਕਰੋ। ਇਸ ਤੋਂ ਬਾਅਦ ਘਿਓ ਦੀ ਜੋਤ ਬਾਲੋ ਤੇ ਉਨ੍ਹਾਂ ਨੂੰ ਫੁੱਲ ਚੜ੍ਹਾਓ। ਫਿਰ ਉਨ੍ਹਾਂ ਨੂੰ ਭੋਗ ਲਗਾਓ ਤੇ ਮੰਤਰਾਂ ਦਾ ਜਾਪ ਕਰ ਕੇ ਉਨ੍ਹਾਂ ਦੀ ਪੂਜਾ ਤੇ ਆਰਤੀ ਕਰੋ। 

ਕਥਾ
ਦੇਵੀ ਭਾਗਵਤ ਪੁਰਾਣ ਦੇ ਅਨੁਸਾਰ, ਪ੍ਰਜਾਪਤੀ ਦਕਸ਼ ਨੇ ਇਕ ਵਾਰ ਇਕ ਵਿਸ਼ਾਲ ਯੱਗ ਦਾ ਆਯੋਜਨ ਕੀਤਾ ਸੀ, ਜਿਸ 'ਚ ਉਨ੍ਹਾਂ  ਨੇ ਸਾਰੇ ਦੇਵੀ-ਦੇਵਤਿਆਂ ਨੂੰ ਸੱਦਿਆ ਸੀ ਪਰ ਆਪਣੀ ਧੀ ਸਤੀ ਤੇ ਭਗਵਾਨ ਸ਼ਿਵ ਨੂੰ ਨਹੀਂ ਸੱਦਿਆ। ਇਸ ਲਈ ਭਗਵਾਨ ਸ਼ਿਵ ਨੇ ਦੇਵੀ  ਸਤੀ ਨੂੰ ਯੱਗ 'ਚ ਜਾਣ ਤੋਂ ਮਨਾ ਕੀਤਾ ਪਰ ਦੇਵੀ ਸੀਤਾ ਨਹੀਂ ਮੰਨੀ ਤੇ ਉਹ ਯੱਗ 'ਚ ਸ਼ਾਮਲ ਹੋਣ ਲਈ ਚਲੀ ਗਈ। ਇਸ ਦੌਰਾਨ ਦੇਵੀ ਸੀਤਾ ਦੇ ਪਿਤਾ ਉਨ੍ਹਾਂ ਦੀ ਤੇ ਭਗਵਾਨ ਸ਼ਿਵ ਦੀ ਬਹੁਤ ਨਿੰਦਾ ਕੀਤੀ ਜਿਸ ਪਿੱਛੋਂ ਦੇਵੀ ਸੀਤਾ ਨੇ ਯੱਗ 'ਚ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਦਿੱਤੀ। ਇਸ ਪਿੱਛੋਂ ਦੇਵੀ ਸਤੀ ਨੇ ਦੇਵੀ ਪਾਰਵਤੀ ਦੇ ਰੂਪ 'ਚ ਜਨਮ ਲਿਆ ਤੇ ਤੱਪ ਰਾਹੀਂ ਭਗਵਾਨ ਸ਼ਿਵ ਨੂੰ ਆਪਣੇ ਪਤੀ ਦੇ ਰੂਪ 'ਚ ਹਾਸਲ ਕੀਤਾ। 
 


Sunaina

Content Editor Sunaina