ਇਨੈਲੋ ਪਾਰਟੀ ''ਚੋਂ ਕੱਢੇ ਜਾਣ ਮਗਰੋਂ ਦੁਸ਼ਯੰਤ ਨੇ ਰੱਖੀ ਆਪਣੀ ਗੱਲ
Saturday, Nov 10, 2018 - 01:19 PM (IST)
ਚੰਡੀਗੜ੍ਹ— ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਪਾਰਟੀ ਮਚੇ ਘਮਾਸਾਨ ਮਗਰੋਂ ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ ਦੁਸ਼ੰਯਤ ਚੌਟਾਲਾ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਇਹ ਪ੍ਰੈੱਸ ਕਾਨਫਰੰਸ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਕੀਤੀ ਜਾ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਰੂ-ਬ-ਰੂ ਹੁੰਦੇ ਹੋਏ ਕਿਹਾ ਕਿ ਪਾਰਟੀ 'ਚੋਂ ਮੈਨੂੰ ਕੱਢ ਦਿੱਤਾ ਗਿਆ, ਜਿਸ ਦਾ ਪਤਾ ਮੈਨੂੰ ਮੀਡੀਆ ਤੋਂ ਲੱਗਾ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਟੀਚਾ ਚੌਧਰੀ ਦੇਵੀਲਾਲ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣਾ ਹੈ।
ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ 2005 ਤੋਂ ਲੈ ਕੇ ਅੱਜ ਤਕ ਜਿੰਨੀਆਂ ਵੀ ਰੈਲੀਆਂ ਜਾਂ ਜਲਸੇ ਹੋਏ ਹਨ, ਉਸ 'ਚ ਮੈਂ ਹਰ ਡਿਊਟੀ ਨਿਭਾਈ ਹੈ। ਹਰਿਆਣਾ ਦੇ ਗੋਹਾਨਾ ਵਿਚ ਰੈਲੀ 'ਚ ਜੋ ਘਟਨਾਕ੍ਰਮ ਵਾਪਰਿਆ, ਸਾਰਿਆਂ ਨੂੰ ਉਸ ਬਾਰੇ ਪਤਾ ਹੀ ਹੈ। ਇਹ ਪਹਿਲੀ ਰੈਲੀ ਸੀ ਜਿਸ 'ਚ ਨਾ ਤਾਂ ਮੇਰੀ ਅਤੇ ਨਾ ਹੀ ਦਿਗਵਿਜੇ ਚੌਟਾਲਾ ਦੀ ਕੋਈ ਰਸਮੀ ਡਿਊਟੀ ਲਾਈ ਗਈ। ਇੱਥੇ ਦੱਸ ਦੇਈਏ ਕਿ ਓਮ ਪ੍ਰਕਾਸ਼ ਚੌਟਾਲਾ ਨੇ ਪਾਰਟੀ 'ਚ ਅਨੁਸ਼ਾਸਨਹੀਣਤਾ ਕਾਰਨ ਆਪਣੇ ਦੋਹਾਂ ਪੋਤਿਆਂ ਦੁਸ਼ਯੰਤ ਅਤੇ ਦਿਗਵਿਜੇ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ।
ਦੁਸ਼ੰਯਤ ਨੇ ਅੱਗੇ ਕਿਹਾ ਕਿ ਬੰਦ ਕਮਰੇ ਵਿਚ ਰਿਪੋਰਟ ਬਣਾ ਕੇ ਚੌਟਾਲਾ ਸਾਬ੍ਹ ਦੇ ਦਸਤਖਤ ਕਰਵਾਏ ਗਏ। ਇਹ ਉਨ੍ਹਾਂ ਨੇ ਖੁਦ ਨਹੀਂ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਗੋਹਾਨਾ ਰੈਲੀ ਵਿਚ ਨੌਜਵਾਨਾਂ ਦੇ ਜਜ਼ਬਾਤ ਸਨ ਅਤੇ ਜਿਨ੍ਹਾਂ ਲੋਕਾਂ ਨੂੰ ਜਜ਼ਬਾਤ ਸਮਝ ਨਹੀਂ ਆਉਂਦੇ ਉਨ੍ਹਾਂ ਨੂੰ ਲੋਕ ਹੁੜਦੰਗ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਰਾਸ਼ਟਰੀ ਪ੍ਰਧਾਨ ਦੇ ਦਸਤਖਤ ਕੀਤੀ ਹੋਈ ਚਿੱਠੀ ਨਹੀਂ ਮਿਲਦੀ ਮੈਂ ਖੁਦ ਨੂੰ ਇਨੈਲੋ ਪਾਰਟੀ ਤੋਂ ਬਾਹਰ ਨਹੀਂ ਮੰਨਾਂਗਾ। ਮੈਂ ਉਦੋਂ ਤਕ ਇਨੈਲੋ 'ਚ ਹੀ ਰਹਾਂਗਾ। ਇਸ ਲਈ ਮੈਨੂੰ ਪ੍ਰਦੇਸ਼ ਕਾਰਜਕਾਰਨੀ ਮੁਅੱਤਲ ਨਹੀਂ ਕਰ ਸਕਦੀ। ਇਸ ਬਾਰੇ ਆਖਰੀ ਫੈਸਲਾ 17 ਨਵੰਬਰ ਨੂੰ ਹੋਵੇਗਾ।
