ਹਰਿਆਣਾ : ਦੁਸ਼ਯੰਤ ਚੌਟਾਲਾ ਨੇ ਬਣਾਈ ਨਵੀਂ ਪਾਰਟੀ, ਰੈਲੀ ''ਚ ਕੀਤੇ ਵਾਅਦੇ

12/09/2018 5:23:07 PM

ਜੀਂਦ— ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਤੋਂ ਕੱਢੇ ਗਏ ਅਜੈ ਚੌਟਾਲਾ ਦੇ ਬੇਟੇ ਦੁਸ਼ਯੰਤ ਚੌਟਾਲਾ ਨੇ ਐਤਵਾਰ ਨੂੰ ਨਵੇਂ ਸਿਆਸੀ ਦਲ 'ਜਨਨਾਇਕ ਜਨਤਾ ਪਾਰਟੀ' ਦਾ ਗਠਨ ਕੀਤਾ। ਦੁਸ਼ਯੰਤ ਨੇ ਜੀਂਦ ਦੇ ਪਾਂਡੂ ਪਿੰਡਾਰਾ 'ਚ ਆਯੋਜਿਤ ਰੈਲੀ ਦੇ ਮੰਚ 'ਤੇ ਆਪਣੀ ਨਵੀਂ ਪਾਰਟੀ ਦਾ ਆਗਾਜ਼ ਕੀਤਾ। ਇਸ ਦੌਰਾਨ ਉਨ੍ਹਾਂ ਦੀ ਮਾਤਾ ਵਿਧਾਇਕਾ ਨੈਨਾ ਚੌਟਾਲਾ ਵੀ ਮੌਜੂਦ ਰਹੀ। ਦੁਸ਼ਯੰਤ ਨੇ ਰੈਲੀ ਵਿਚ ਹਰ ਵਰਗ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਵਿਚ 75 ਫੀਸਦੀ ਨਿਜੀ ਖੇਤਰ ਦੀਆਂ ਨੌਕਰੀਆਂ 'ਚ ਹਰਿਆਣਾ ਦੇ ਨੌਜਵਾਨਾਂ ਦਾ ਹੱਕ ਹੋਵੇਗਾ। ਬਜ਼ੁਰਗ ਪੁਰਸ਼ ਨੂੰ 58 ਅਤੇ ਔਰਤਾਂ ਨੂੰ 55 ਸਾਲ ਦੀ ਉਮਰ ਵਿਚ ਪੈਨਸ਼ਨ ਦਿੱਤੀ ਜਾਵੇਗੀ। 
ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਬਣਨ 'ਤੇ ਉਹ ਸਕੂਲਾਂ ਦਾ ਵਿਕਾਸ ਕਰਨਗੇ, ਜਿਸ ਵਿਚ ਗਰੀਬ ਦਾ ਬੱਚਾ ਵੀ ਪੜ੍ਹ ਸਕੇਗਾ। ਇਨੈਲੋ ਪਾਰਟੀ 'ਚੋਂ ਕੱਢੇ ਜਾਣ ਦੇ ਬਾਵਜੂਦ ਵੀ ਦੁਸ਼ਯੰਤ ਨੇ ਕਿਹਾ ਕਿ ਚੌਧਰੀ ਓਮ ਪ੍ਰਕਾਸ਼ ਚੌਟਾਲਾ ਹਮੇਸ਼ਾ ਸਾਡੇ ਦਿਲ ਵਿਚ ਰਹਿਣਗੇ। 

PunjabKesari


ਇਹ ਹੈ ਚੌਟਾਲਾ ਪਰਿਵਾਰ— 
ਇੱਥੇ ਦੱਸ ਦੇਈਏ ਕਿ ਚੌਟਾਲਾ ਪਰਿਵਾਰ ਵਿਚ ਚੌਧਰੀ ਦੇਵੀਲਾਲ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਦੇ ਦੋ ਬੇਟੇ ਹਨ। ਓਮ ਪ੍ਰਕਾਸ਼ ਚੌਟਾਲਾ ਆਪਣੇ ਵੱਡੇ ਬੇਟੇ ਅਜੈ ਚੌਟਾਲਾ ਨਾਲ ਸਿੱਖਿਆ ਭਰਤੀ ਘਪਲੇ ਵਿਚ 10 ਸਾਲ ਦੀ ਸਜ਼ਾ ਕੱਟ ਰਹੇ ਹਨ। ਛੋਟਾ ਬੇਟਾ ਅਭੈ ਚੌਟਾਲਾ ਇਸ ਸਮੇਂ ਇਨੈਲੋ ਪਾਰਟੀ ਨੂੰ ਦੇਖ ਰਹੇ ਹਨ। ਅਜੇ ਦੇ ਦੋ ਬੇਟੇ ਹਨ- ਦੁਸ਼ੰਯੁਤ ਅਤੇ ਦਿਗਵਿਜੇ। ਅਜੈ ਦੀ ਪਤਨੀ ਨੈਨਾ ਡਬਵਾਲੀ ਤੋਂ ਵਿਧਾਇਕ ਹੈ। ਅਭੈ ਦੇ ਵੀ ਦੋ ਪੁੱਤਰ ਹਨ- ਕਰਨ ਅਤੇ ਅਰਜੁਨ। 

ਦੁਸ਼ਯੰਤ ਤੇ ਦਿਗਵਿਜੇ ਪਾਰਟੀ 'ਚੋਂ ਕੱਢੇ ਗਏ—
ਚੌਟਾਲਾ ਪਰਿਵਾਰ ਵਿਚ ਵਿਵਾਦ 7 ਅਕਤੂਬਰ ਨੂੰ ਹਰਿਆਣਾ ਦੇ ਗੋਹਾਨਾ ਵਿਚ ਹੋਈ ਰੈਲੀ ਤੋਂ ਸ਼ੁਰੂ ਹੋਇਆ। ਅਭੈ ਚੌਟਾਲਾ ਭਾਸ਼ਣ ਦੇ ਰਹੇ ਸਨ ਤਾਂ ਕੁਝ ਸਮਰਥਕਾਂ ਅਗਲਾ ਸੀ. ਐੱਮ. ਦੁਸ਼ਯੰਤ ਚੌਟਾਲਾ ਦੇ ਨਾਅਰੇ ਲਾ ਰਹੇ ਸਨ। ਇਸ 'ਤੇ ਓਮ ਪ੍ਰਕਾਸ਼ ਚੌਟਾਲਾ ਨੇ ਫਟਕਾਰ ਲਾਈ ਸੀ। ਗੋਹਾਨਾ ਰੈਲੀ ਵਿਚ ਵਿਵਾਦ ਤੋਂ ਬਾਅਦ ਦੁਸ਼ਯੰਤ ਅਤੇ ਦਿਗਵਿਜੇ ਨੂੰ ਇਨੈਲੋ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਕਰ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਅਤੇ ਫਿਰ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ। ਜੇਲ ਤੋਂ ਪੈਰੋਲ 'ਤੇ ਬਾਹਰ ਆਏ ਅਜੈ ਨੂੰ ਵੀ ਪਾਰਟੀ 'ਚੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਅਜੈ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ।


Tanu

Content Editor

Related News