ਖ਼ਰਾਬ ਸੁਰੱਖਿਆ ਮਾਪਦੰਡਾਂ ਕਾਰਨ ਐੱਲ.ਜੀ. ਪਾਲੀਮਰ ''ਚ ਲੀਕ ਹੋਈ ਗੈਸ
Tuesday, Jul 07, 2020 - 02:16 AM (IST)

ਅਮਰਾਵਤੀ - ਵਿਸ਼ਾਖਾਪਟਨਮ 'ਚ ਐੱਲ.ਜੀ. ਪਾਲੀਮਰ ਇਕਾਈ 'ਚ 7 ਮਈ ਨੂੰ ਸਟਾਇਰਿਨ ਗੈਸ ਲੀਕ ਹੋਣ ਦਾ ਮੁੱਖ ਕਾਰਨ ਖ਼ਰਾਬ ਸੁਰੱਖਿਆ ਮਾਪਦੰਡ ਅਤੇ ਐਮਰਜੈਂਸੀ ਪ੍ਰਤੀਕਿਰਿਆ ਦੀ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਖਤਮ ਹੋ ਜਾਣਾ ਸੀ। ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕ ਬੀਮਾਰ ਪੈ ਗਏ ਸਨ। ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਉੱਚ ਪੱਧਰੀ ਕਮੇਟੀ ਨੇ ਆਪਣੀ ਜਾਂਚ 'ਚ ਇਨ੍ਹਾਂ ਕਾਰਣਾਂ ਦਾ ਪਤਾ ਲਗਾਇਆ ਹੈ।
ਵਾਤਾਵਰਣ ਅਤੇ ਜੰਗਲਾਤ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਨੀਰਭ ਕੁਮਾਰ ਪ੍ਰਸਾਦ ਦੀ ਪ੍ਰਧਾਨਗੀ 'ਚ ਕਮੇਟੀ ਨੇ ਚਾਰ ਹਜ਼ਾਰ ਪੰਨਿਆਂ ਦੀ ਰਿਪੋਰਟ ਸੋਮਵਾਰ ਨੂੰ ਇੱਥੇ ਮੁੱਖ ਮੰਤਰੀ ਵਾਈ.ਐੱਸ. ਜਗਨਮੋਹਨ ਰੈੱਡੀ ਨੂੰ ਸੌਂਪੀ। ਉੱਚ ਪੱਧਰੀ ਕਮੇਟੀ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਐੱਲ.ਜੀ. ਪਲਾਂਟ 'ਚ ਐੱਮ-6 ਟੈਂਕ ਤੋਂ ਸਟਾਇਰਿਨ ਗੈਸ ਨੂੰ ਬੇਕਾਬੂ ਤਰੀਕੇ ਨਾਲ ਛੱਡਣ ਕਾਰਨ ਹਾਦਸਾ ਵਾਪਰਿਆ। ਟੈਂਕ ਦੇ ਖ਼ਰਾਬ ਡਿਜਾਇਨ, ਥੋੜਾ ਰੈਫ੍ਰਿਜਰੇਸ਼ਨ ਅਤੇ ਖ਼ਰਾਬ ਕੂਲਿੰਗ ਸਿਸਟਮ, ਮਿਕਸਿੰਗ ਪ੍ਰਣਾਲੀ ਦਾ ਨਾ ਹੋਣਾ, ਸੁਰੱਖਿਆ ਪ੍ਰਬੰਧਨ ਵਿਵਸਥਾ ਖ਼ਰਾਬ ਹੋਣਾ ਅਤੇ ਐਮਰਜੈਂਸੀ ਪ੍ਰਤੀਕਿਰਿਆ ਦਾ ਪੂਰੀ ਤਰ੍ਹਾਂ ਖਤਮ ਹੋ ਜਾਣਾ ਹੀ ਇਸ ਹਾਦਸੇ ਦਾ ਮੂਲ ਕਾਰਨ ਸੀ। ਟੈਂਕ ਦਾ ਤਾਪਮਾਨ ਕਾਫ਼ੀ ਵੱਧ ਗਿਆ ਸੀ ਅਤੇ ਟੈਂਕ 'ਚ ਛੋਟੇ ਛੇਕ ਸਨ।