ਅੱਤਵਾਦੀਆਂ ਨਾਲ DSP ਦਵਿੰਦਰ ਨੂੰ ਦੇਖ ਕੇ DIG ਗੁਆ ਬੈਠੇ ਸੀ ਆਪਾ, ਮਾਰੇ ਸੀ ਥੱਪੜ
Wednesday, Jan 15, 2020 - 11:11 AM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾੜੇ ਕੰਮ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਦਵਿੰਦਰ ਸਿੰਘ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਉਹ ਆਪਣੀ ਕਾਰ 'ਚ ਬੈਠਾ ਕੇ ਲਿਜਾ ਰਿਹਾ ਸੀ। ਦਵਿੰਦਰ ਇਨ੍ਹੀਂ ਦਿਨੀਂ ਸ਼੍ਰੀਨਗਰ ਤੋਂ ਲੈ ਕੇ ਦਿੱਲੀ ਤਕ ਰਾਜਨੀਤਕ ਗਲਿਆਰੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗ੍ਰਹਿ ਮੰਤਰਾਲੇ ਨੇ ਦਵਿੰਦਰ ਸਿੰਘ ਦੇ ਅੱਤਵਾਦੀਆਂ ਨੂੰ ਲੈ ਜਾਣ ਦੇ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਸੌਂਪੀ ਹੈ। ਦਵਿੰਦਰ ਸਿੰਘ ਦੀ ਗ੍ਰਿਫਤਾਰੀ ਨਾਲ ਜੰਮੂ-ਕਸ਼ਮੀਰ ਪੁਲਸ ਦੀ ਭਰੋਸੇਯੋਗਤਾ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਦਵਿੰਦਰ ਤੋਂ ਇੰਟੈਲੀਜੈਂਸ ਏਜੰਸੀਆਂ ਪੁੱਛ-ਗਿੱਛ ਕਰ ਰਹੀਆਂ ਹਨ। ਜਾਂਚ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਦਵਿੰਦਰ ਅੱਤਵਾਦੀਆਂ ਨਾਲ ਮਿਲ ਕੇ ਸਿਰਫ ਦਿੱਲੀ ਨੂੰ ਦਹਿਲਾਉਣ ਦੀ ਸਾਜਿਸ਼ ਨਹੀ ਰਚ ਰਿਹਾ ਸੀ, ਸਗੋਂ ਕਿ ਉਸ ਦੇ ਨਿਸ਼ਾਨੇ 'ਤੇ ਜੰਮੂ, ਪੰਜਾਬ ਅਤੇ ਚੰਡੀਗੜ੍ਹ ਵੀ ਸਨ।
ਡੀ. ਆਈ. ਜੀ ਨੇ ਦਵਿੰਦਰ ਦੇ ਮਾਰੇ ਸੀ ਥੱਪੜ—
ਮੀਡੀਆ ਰਿਪੋਰਟਾਂ ਮੁਤਾਬਕ ਮਿਲੀ ਸੂਚਨਾ ਤੋਂ ਬਾਅਦ ਦਵਿੰਦਰ ਦੀ ਗ੍ਰਿਫਤਾਰੀ ਨਾਲ ਜੁੜੀ ਪੂਰੀ ਮੁਹਿੰਮ ਦੀ ਅਗਵਾਈ ਦੱਖਣੀ ਕਸ਼ਮੀਰ ਦੇ ਡੀ. ਆਈ. ਜੀ. ਅਤੁਲ ਗੋਇਲ ਨੇ ਕੀਤੀ ਸੀ। ਉਨ੍ਹਾਂ ਨੇ ਖੁਦ ਨਾਕੇ 'ਤੇ ਖੜ੍ਹੇ ਹੋ ਕੇ ਡਿਪਟੀ ਇੰਸਪੈਕਟਰ ਜਨਰਲ (ਡੀ. ਐੱਸ. ਪੀ.) ਦਵਿੰਦਰ ਦੀ ਕਾਰ ਨੂੰ ਰੋਕਿਆ ਸੀ। ਅੱਤਵਾਦੀਆਂ ਨਾਲ ਦਵਿੰਦਰ ਸਿੰਘ ਨੂੰ ਬੈਠੇ ਦੇਖ ਕੇ ਡੀ. ਆਈ. ਜੀ. ਅਤੁਲ ਗੋਇਲ ਆਪਣਾ ਆਪਾ ਗੁਆ ਬੈਠੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਉੱਥੇ ਹੀ ਜੂਨੀਅਰ ਅਫਸਰਾਂ ਸਾਹਮਣੇ ਸਿੰਘ ਨੂੰ ਕਈ ਥੱਪੜ ਮਾਰੇ ਸਨ।
ਕਾਰ ਅਤੇ ਘਰ 'ਚੋਂ ਮਿਲੀਆਂ ਏ.ਕੇ47 ਰਾਈਫਲਾਂ—
ਗ੍ਰਿਫਤਾਰੀ ਤੋਂ ਬਾਅਦ ਦਵਿੰਦਰ ਦੀ ਕਾਰ ਅਤੇ ਘਰ ਦੀ ਤਲਾਸ਼ੀ ਲਈ ਗਈ। ਕਾਰ 'ਚੋਂ 2 ਏ. ਕੇ47 ਰਾਈਫਲਾਂ ਮਿਲੀਆਂ ਸਨ, ਜਦਕਿ ਘਰ 'ਚ ਤਲਾਸ਼ੀ ਦੌਰਾਨ 1 ਏ.ਕੇ47 ਅਤੇ 2 ਪਿਸਟਲ ਬਰਾਮਦ ਹੋਈਆਂ ਸਨ। ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰੀ ਦੇ ਇਕ ਦਿਨ ਪਹਿਲਾਂ ਹਿਜ਼ਬੁਲ ਅੱਤਵਾਦੀਆਂ ਨੂੰ ਦਵਿੰਦਰ ਨੇ ਆਪਣੇ ਘਰ 'ਚ ਪਨਾਹ ਤਕ ਦਿੱਤੀ ਸੀ।