'ਵਾਤਾਵਰਣ ਦੀ ਸੰਭਾਲ ਲਈ DSGMC ਦੀ ਪਹਿਲਕਦਮੀ, ਨਵੇਂ ਸਾਲ 'ਤੇ ਸੰਗਤ ਨੂੰ ਵੰਡੇਗੀ ਬੂਟੇ'

12/31/2019 10:42:37 AM

ਜਲੰਧਰ/ਨਵੀਂ ਦਿੱਲੀ (ਚਾਵਲਾ)— ਵਾਤਾਵਰਣ ਸੰਭਾਲ ਦੇ ਹੰਭਲੇ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਨੇ 1 ਜਨਵਰੀ 2020 ਨੂੰ ਸੰਗਤ ਨੂੰ 20 ਹਜ਼ਾਰ ਬੂਟੇ ਪ੍ਰਸ਼ਾਦ ਦੇ ਤੌਰ 'ਤੇ ਵੰਡਣ ਦਾ ਫੈਸਲਾ ਕੀਤਾ ਹੈ।ਇਸ ਬਾਰੇ ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਮੇਟੀ ਵਾਤਾਵਰਣ ਸੰਭਾਲ ਪ੍ਰਤੀ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਗੁਰਦੁਆਰਾ ਸੰਸਥਾ ਨੇ ਵਾਤਾਵਰਣ ਸੰਭਾਲ ਲਈ ਬੂਟਾ ਪ੍ਰਸ਼ਾਦ ਵੰਡਿਆ ਸੀ ਅਤੇ ਵਾਤਾਵਰਣ ਦੀ ਸੰਭਾਲ ਲਈ ਬੂਟੇ ਬਚਾਉਣ ਲਈ ਕੰਮ ਕੀਤਾ ਸੀ। ਉਨ੍ਹਾਂ ਦੱਸਿਆ ਕਿ ਨਵੀਂ ਪਹਿਲਕਦਮੀ ਲਈ ਹੇਮਕੁੰਟ ਫਾਊਂਡੇਸ਼ਨ ਸਾਡੀ ਮਦਦ ਕਰ ਰਹੀ ਹੈ, ਜਿਸ ਨੇ ਨਵੇਂ ਸਾਲ 'ਤੇ 20 ਹਜ਼ਾਰ ਬੂਟੇ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ।


ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਨਾ ਸਿਰਫ ਇਹ ਬੂਟੇ ਲਾਉਣ ਦੀ ਮੁਹਿੰਮ ਦਾ ਹਿੱਸਾ ਬਣੇ ਸਗੋਂ ਕਿ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਉਣ 'ਚ ਵੀ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਗੁਰਦੁਆਰਾ ਸੰਸਥਾ ਨੇ ਆਪਣੇ ਅਧੀਨ ਸੰਸਥਾਵਾਂ ਵਿਚ ਪਲਾਸਟਿਕ 'ਤੇ ਪਾਬੰਦੀ ਲਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਿਰਫ ਪਲਾਸਟਿਕ 'ਤੇ ਪਾਬੰਦੀ ਹੀ ਨਹੀਂ ਸਗੋਂ ਅਸੀਂ ਵਾਤਾਵਰਣ ਸੰਭਾਲ ਲਈ ਹਰ ਕਦਮ ਚੁੱਕਣ ਲਈ ਤਿਆਰ-ਬਰ-ਤਿਆਰ ਹਾਂ। ਸਿਰਸਾ ਨੇ ਕਿਹਾ ਕਿ 1 ਜਨਵਰੀ ਨੂੰ ਬੂਟਾ ਪ੍ਰਸ਼ਾਦ ਵੰਡਣ ਦੀ ਮੁਹਿੰਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਵੇਰੇ 9.30 ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਸੰਗਤ ਨੂੰ ਵੱਧ-ਚੜ੍ਹ ਕੇ ਇਸ ਮੁਹਿੰਮ ਵਿਚ ਸ਼ਾਮਲ ਹੋਣ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ।


Tanu

Content Editor

Related News