ਕਫ ਸਿਰਪ ਕਾਰਨ ਬੱਚਿਆਂ ਦੀ ਮੌਤ ਨੂੰ ਲੈ ਕੇ ਡਰੱਗ ਕੰਟਰੋਲਰ ਤਬਦੀਲ, 3 ਹੋਰ ਮੁਅੱਤਲ

Monday, Oct 06, 2025 - 11:06 PM (IST)

ਕਫ ਸਿਰਪ ਕਾਰਨ ਬੱਚਿਆਂ ਦੀ ਮੌਤ ਨੂੰ ਲੈ ਕੇ ਡਰੱਗ ਕੰਟਰੋਲਰ ਤਬਦੀਲ, 3 ਹੋਰ ਮੁਅੱਤਲ

ਭੋਪਾਲ (ਭਾਸ਼ਾ) - ਮੱਧ ਪ੍ਰਦੇਸ਼ ਸਰਕਾਰ ਨੇ ਛਿੰਦਵਾੜਾ ’ਚ ਗੁਰਦਿਆਂ ਦੇ ਖਰਾਬ ਹੋਣ ਕਾਰਨ 14 ਬੱਚਿਆਂ ਦੀ ਮੌਤ ਨੂੰ ਲੈ ਕੇ 2 ਡਰੱਗ ਇੰਸਪੈਕਟਰਾਂ ਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਡਿਪਟੀ ਡਾਇਰੈਕਟਰ ਨੂੰ ਸੋਮਵਾਰ ਮੁਅੱਤਲ ਕਰ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਬੱਚਿਆਂ ਦੀ ਮੌਤ ਜ਼ਹਿਰੀਲੇ ਕਫ ਸਿਰਪ ਕਾਰਨ ਹੋਈ। ਮੁੱਖ ਮੰਤਰੀ ਮੋਹਨ ਯਾਦਵ ਨੇ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਸੂਬੇ ਦੇ ਡਰੱਗ ਕੰਟਰੋਲਰ ਦਿਨੇਸ਼ ਮੌਰੀਆ ਦਾ ਵੀ ਤਬਾਦਲਾ ਕਰ ਦਿੱਤਾ।

ਮੁਅੱਤਲ ਕੀਤੇ ਗਏ ਡਰੱਗ ਇੰਸਪੈਕਟਰਾਂ ਦੀ ਪਛਾਣ ਗੌਰਵ ਸ਼ਰਮਾ ਤੇ ਸ਼ਰਦ ਕੁਮਾਰ ਜੈਨ ਵਜੋਂ ਹੋਈ ਹੈ। ਉਹ ਛਿੰਦਵਾੜਾ ਤੇ ਜਬਲਪੁਰ ’ਚ ਤਾਇਨਾਤ ਹਨ। ਮੁਅੱਤਲ ਕੀਤੇ ਗਏ ਡਿਪਟੀ ਡਾਇਰੈਕਟਰ ਦੀ ਪਛਾਣ ਸ਼ੋਭਿਤ ਕੋਸਟਾ ਵਜੋਂ ਹੋਈ ਹੈ।

ਮੁੱਖ ਮੰਤਰੀ ਬਾਅਦ ’ਚ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ ਮਿਲਣ ਲਈ ਪਰਸੀਆ ਗਏ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਕੇਰਲ ’ਚ ਡਾਕਟਰ ਦੀ ਪਰਚੀ ਤੋਂ ਬਿਨਾਂ ਬੱਚਿਆਂ ਨੂੰ ਦਵਾਈ ਨਹੀਂ ਮਿਲੇਗੀ
ਕੇਰਲ ਦੇ ਸਿਹਤ ਵਿਭਾਗ ਨੇ ਸੋਮਵਾਰ ਹੁਕਮ ਦਿੱਤਾ ਕਿ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਡਾਕਟਰ ਦੀ ਪਰਚੀ ਤੋਂ ਬਿਨਾਂ ਕੋਈ ਵੀ ਦਵਾਈ ਨਾ ਦਿੱਤੀ ਜਾਵੇ। ਇਹ ਕਦਮ ਕੁਝ ਕਫ ਸਿਰਪਾਂ ਸੰਬੰਧੀ ਪੈਦਾ ਹੋਈਆਂ ਚਿੰਤਾਵਾਂ ਦਰਮਿਆਨ ਚੁੱਕਿਆ ਗਿਆ ਹੈ।

ਕਰਨਾਟਕ ਤੇ ਤੇਲੰਗਾਨਾ ’ਚ ਅਲਰਟ
ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਕਿਹਾ ਕਿ ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਬੱਚਿਆਂ ਦੀ ਮੌਤ ਦੀਆਂ ਰਿਪੋਰਟਾਂ ਤੋਂ ਬਾਅਦ ਸੂਬੇ ’ਚ ਅਲਰਟ ਜਾਰੀ ਕੀਤਾ ਗਿਆ ਹੈ। ਮਾਪਿਆਂ ਨੂੰ ਕਿਹਾ ਗਿਆ ਹੈ ਬੱਚਿਆਂ ਨੂੰ ਕਫ ਸਿਰਪ ਦਿੰਦੇ ਸਮੇਂ ਸਾਵਧਾਨੀ ਵਰਤੀ ਜਾਏ। ਮੁੱਖ ਮੰਤਰੀ ਸਿੱਧਰਮਈਆ ਨੇ ਸਿਹਤ ਵਿਭਾਗ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਤੇਲੰਗਾਨਾ ’ਚ ਅਲਰਟ ਜਾਰੀ ਕੀਤਾ ਗਿਆ ਹੈ।


author

Inder Prajapati

Content Editor

Related News