ਡਰੋਨਾਂ ਦੀ ਨਿਗਰਾਨੀ ''ਚ ਰਹੇਗਾ ਰੇਲਵੇ
Monday, Jan 08, 2018 - 09:17 PM (IST)

ਨਵੀਂ ਦਿੱਲੀ— ਭਾਰਤੀ ਰੇਲਵੇ ਰੇਲ ਮਾਰਗਾਂ ਦੀ ਦੇਖਭਾਲ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦੀ ਨਿਗਰਾਨੀ ਲਈ ਚਾਲਕ ਬਗੈਰ ਹਵਾਈ ਕੈਮਰੇ (ਡਰੋਨ) ਦੀ ਤਾਇਨਾਤੀ ਕਰੇਗਾ। ਡਰੋਨ 'ਚ ਲੱਗੇ ਕੈਮਰੇ ਦੀ ਸ਼ੁਰੂਆਤ ਪੱਛਮੀ ਕੇਂਦਰੀ ਰੇਲਵੇ 'ਚੋਂ ਸ਼ੁਰੂ ਕੀਤੀ ਗਈ ਹੈ, ਜਿਸ ਦਾ ਮੁੱਖ ਦਫਤਰ ਜਬਲਪੁਰ (ਮੱਧ ਪ੍ਰਦੇਸ਼) 'ਚ ਹੈ। ਇਸ ਮੰਡਲ ਦੇ ਜਬਲਪੁਰ, ਭੋਪਾਲ ਅਤੇ ਕੋਟਾ ਡਿਵੀਜ਼ਨ 'ਚ ਡਰੋਨ ਕੈਮਰਿਆਂ ਦਾ ਪਿਛਲੇ ਹਫਤੇ ਟੈਸਟ ਕੀਤਾ ਗਿਆ।
ਪੱਛਮੀ ਮੱਧ ਰੇਲਵੇ 'ਚ ਰੇਲ ਮਾਰਗਾਂ 'ਤੇ ਚੱਲ ਰਹੇ ਨਿਰਮਾਣ ਕਾਰਜਾਂ ਅਤੇ ਪੁਲਾਂ ਦੀ ਦੇਖਭਾਲ ਦੀ ਨਿਗਰਾਨੀ ਲਈ ਵੀ ਡਰੋਨ ਕੈਮਰਿਆਂ ਦੇ ਪ੍ਰਯੋਗ ਦੀ ਯੋਜਨਾ ਹੈ। ਭਾਰਤੀ ਰੇਲਵੇ ਨੇ ਆਪਣੇ ਸਾਰੇ ਮੰਡਲਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਡਰੋਨ ਕੈਮਰਿਆਂ ਦਾ ਉਪਯੋਗ ਸ਼ੁਰੂ ਕਰਨ।
ਰੇਲ ਮੰਤਰਾਲੇ ਨੇ ਸੋਮਵਾਰ ਨੂੰ ਇਕ ਨੋਟਿਸ ਜਾਰੀ ਕਰ ਕਿਹਾ ਕਿ ਡਰੋਨ ਕੈਮਰਿਆਂ ਦੇ ਜ਼ਰੀਏ ਰਾਹਤ ਅਤੇ ਬਚਾਅ ਅਭਿਆਨਾਂ ਦੀ ਨਿਗਰਾਨੀ ਕਰਨ 'ਚ ਸਹਾਇਤਾ ਮਿਲੇਗੀ। ਇਸ ਦੇ ਨਾਲ ਮਹੱਤਵਪੂਰਣ ਕੰਮਾਂ, ਪਟੜੀਆਂ ਦੀ ਸਥਿਤੀ ਅਤੇ ਨਿਰੀਖਣ ਕਾਰਜਾਂ 'ਤੇ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀ ਸਹਾਇਤਾ ਮਿਲੇਗੀ।