MH ; ਡਰਾਈਵਰ ਨੂੰ ਆ ਗਿਆ ਹਾਰਟ ਅਟੈਕ ! ਮਗਰੋਂ ਗੱਡੀ ਬਣ ਗਈ ਕਾਲ਼, ਇਕ-ਇਕ ਕਰ 4 ਲੋਕਾਂ ਦੀ ਲਈ ਜਾਨ
Sunday, Nov 23, 2025 - 12:30 PM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਠਾਣੇ ਜ਼ਿਲੇ ’ਚ ਸ਼ੁੱਕਰਵਾਰ ਰਾਤ ਇਕ ਕਾਰ ਦੇ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਬਾਈਕ ਸਵਾਰਾਂ ਨਾਲ ਟਕਰਾਅ ਕੇ ਪਲਟ ਗਈ।
ਸ਼ਹਿਰ ਦੇ ਇਕ ਫਲਾਈਓਵਰ ’ਤੇ ਵਾਪਰੇ ਇਸ ਹਾਦਸੇ ’ਚ 4 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਇਸ ਹਾਦਸੇ ’ਚ ਡਰਾਈਵਰ ਦੀ ਵੀ ਜਾਨ ਚਲੀ ਗਈ। ਪੂਰੀ ਘਟਨਾ ਫਲਾਈਓਵਰ ਨੇੜੇ ਇਕ ਇਮਾਰਤ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਰਿਕਾਰਡ ਹੋ ਗਈ। ਇਸ ’ਚ ਫਲਾਈਓਵਰ ’ਤੇ ਵੱਡੀ ਭੀੜ ਵਿਖਾਈ ਦੇ ਰਹੀ ਹੈ। ਦੋਵੇਂ ਪਾਸੇ ਵਾਹਨ ਚੱਲ ਰਹੇ ਸਨ ਕਿ ਸ਼ਾਮ 6:42 ਵਜੇ ਇਕ ਤੇਜ਼ ਰਫ਼ਤਾਰ ਕਾਰ 4-5 ਬਾਈਕਾਂ ਤੇ 2 ਹੋਰ ਵਾਹਨਾਂ ਨਾਲ ਟਕਰਾ ਕੇ ਪਲਟ ਗਈ।
ਵੀਡੀਓ ’ਚ ਨਜ਼ਰ ਆਉਂਦਾ ਹੈ ਕਿ ਇਕ ਕਾਰ ਤੇਜ਼ੀ ਨਾਲ ਇਕ ਬਾਈਕ ਨਾਲ ਟਕਰਾ ਗਈ, ਜਿਸ ਕਾਰਨ ਬਾਈਕ ਸਵਾਰ ਹਵਾ ’ਚ ਕਈ ਫੁੱਟ ਉੱਛਲ ਗਿਆ ਤੇ ਫਲਾਈਓਵਰ ਦੇ ਦੂਜੇ ਪਾਸੇ ਜਾ ਡਿੱਗਾ। ਲੋਕ ਪੈਦਲ ਵੀ ਉੱਥੋਂ ਲੰਘ ਰਹੇ ਸਨ ਪਰ ਖੁਸ਼ਕਿਸਮਤੀ ਨਾਲ ਉਨ੍ਹਾਂ ’ਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ।
