ਮਨੀਸ਼ ਸਿਸੋਦੀਆ ਨੇ 18 ਤੋਂ ਵੱਧ ਉਮਰ ਵਾਲਿਆਂ ਲਈ ‘ਡਰਾਈਵ-ਇਨ’ ਟੀਕਾਕਰਨ ਕੇਂਦਰ ਦਾ ਕੀਤਾ ਉਦਘਾਟਨ
Thursday, May 27, 2021 - 04:52 PM (IST)
ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਯਾਨੀ ਕਿ ਅੱਜ 18 ਤੋਂ 44 ਸਾਲ ਦੇ ਉਮਰ ਵਰਗ ਦੇ ਲੋਕਾਂ ਲਈ ‘ਡਰਾਈਵ-ਇਨ’ ਟੀਕਾਕਰਨ ਕੇਂਦਰ ਦਾ ਉਦਘਾਟਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇਕ ਮਾਲ ਦੇ ਪਾਰਕਿੰਗ ਖੇਤਰ ’ਚ ਇਸ ਟੀਕਾਕਰਨ ਕੇਂਦਰ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਨੂੰ ਫੋਰਸਿਟ ਹਸਪਤਾਲ ਚਲਾ ਰਿਹਾ ਹੈ। ਫੋਰਟਿਸ ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 18 ਤੋਂ 44 ਸਾਲ ਦੇ ਉਮਰ ਵਰਗ ਦੇ ਲੋਕਾਂ ਲਈ ਡਰਾਈਵ-ਇਨ-ਟੀਕਾਕਰਨ ਕੇਂਦਰ ਦਾ ਉਦਘਾਟਨ ਕੀਤਾ। ਇਹ ਇਸ ਉਮਰ ਵਰਗ ਲਈ ਅਜਿਹੀ ਪਹਿਲੀ ਸਹੂਲਤ ਹੈ।
ਬੁਲਾਰੇ ਨੇ ਦੱਸਿਆ ਕਿ ਇਹ ਕੇਂਦਰ ਸੈਲੇਕਟ ਸਿਟੀ ਵਾਕ ਮਾਲ ਵਿਚ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦੁਆਰਕਾ ਵਿਚ ਇਕ ਹੋਰ ਨਿੱਜੀ ਹਸਪਤਾਲ ਦੇ ਕੰਪਲੈਕਸ ’ਚ ਦਿੱਲੀ ਦੇ ਪਹਿਲੇ ਡਰਾਈਵ-ਇਨ ਟੀਕਾਕਰਨ ਕੇਂਦਰ ਦਾ ਉਦਘਾਟਨ ਕੀਤਾ ਸੀ। ਇੱਥੇ ਕੇਂਦਰ ਵਿਚ ਸਾਰੇ ਉਮਰ ਵਰਗ ਦੇ ਲੋਕਾਂ ਨੂੰ ਟੀਕਾ ਲਾਇਆ ਜਾਵੇਗਾ।
ਆਮ ਆਦਮੀ ਪਾਰਟੀ ਦੀ ਵਿਧਾਇਕ ਆਤਿਸ਼ੀ ਨੇ ਬੁੱਧਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਟੀਕਾਕਰਨ ਬੁਲੇਟਿਨ ’ਚ ਕਿਹਾ ਸੀ ਕਿ 18 ਤੋਂ 44 ਸਾਲ ਦੇ ਉਮਰ ਵਰਗ ਲਈ ਅਸੀਂ ਪਿਛਲੇ ਕੁਝ ਦਿਨਾਂ ਤਕ ਰੋਜ਼ਾਨਾ 80,000 ਲੋਕਾਂ ਨੂੰ ਟੀਕਾ ਲਾ ਰਹੇ ਸੀ ਪਰ ਹੁਣ ਇਹ ਪੂਰੀ ਤਰ੍ਹਾਂ ਰੁਕ ਗਿਆ ਹੈ, ਕਿਉਂਕਿ ਸਾਡੇ ਕੋਲ ਇਸ ਸ਼੍ਰੇਣੀ ਦੇ ਲਾਭਪਾਤਰੀਆਂ ਲਈ ਟੀਕੇ ਨਹੀਂ ਹਨ। ਉਨ੍ਹਾਂ ਦੱਸਿਆ ਸੀ ਕਿ 18 ਤੋਂ 44 ਸਾਲ ਦੇ ਉਮਰ ਵਰਗ ਲਈ ਹੁਣ ਬਸ ਨਿੱਜੀ ਹਸਪਤਾਲਾਂ ਵਿਚ ਟੀਕਾਕਰਨ ਚੱਲ ਰਿਹਾ ਹੈ, ਜਿੱਥੇ ਇਕ ਖ਼ੁਰਾਕ 800 ਤੋਂ 1350 ਰੁਪਏ ਵਿਚ ਲੱਗ ਰਹੀ ਹੈ, ਜਿਸ ਨੂੰ ਦਿੱਲੀ ’ਚ ਕਈ ਲੋਕ ਖਰਚ ਨਹੀਂ ਕਰ ਸਕਦੇ।