PM ਮੋਦੀ ਦੇ ਮੁਰਮੂ ਕਾਰਡ ਦਾ ਮਿਲ ਰਿਹਾ ਪੂਰਾ ਲਾਭ

06/28/2022 9:35:28 AM

ਨੈਸ਼ਨਲ ਡੈਸਕ- ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐੱਨ. ਡੀ. ਏ.) ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦੇ ਰੂਪ ’ਚ ਆਦਿਵਾਸੀ ਮਹਿਲਾ ਦ੍ਰੌਪਦੀ ਮੁਰਮੂ ਨੂੰ ਮੈਦਾਨ ’ਚ ਉਤਾਰਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਾਸਟਰ ਸਟ੍ਰੋਕ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਲਈ ਵੱਡਾ ਝਟਕਾ ਸਾਬਤ ਹੋ ਰਿਹਾ ਹੈ।

ਸੰਸਦ ਵਿਚ 37 ਸਿਆਸੀ ਪਾਰਟੀਆਂ ਵਿਚਾਲੇ ਮੁਰਮੂ ਦੇ ਸਮਰਥਨ ਦਾ ਇਕ ਵੱਡਾ ਆਧਾਰ ਹੈ। ਹਾਲਾਂਕਿ ਇਨ੍ਹਾਂ 37 ਪਾਰਟੀਆਂ ’ਚੋਂ ਐੱਨ. ਡੀ. ਏ. ਕੋਲ ਲੋਕ ਸਭਾ ਅਤੇ ਰਾਜ ਸਭਾ ’ਚ ਸਿਰਫ਼ 16 ਪਾਰਟੀਆਂ ਹਨ ਪਰ ਇਹ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਜਦੋਂ ਕਿ ਗੈਰ-ਐੱਨ. ਡੀ. ਏ. ਪਾਰਟੀ ਬੀਜੂ ਜਨਤਾ ਦਲ ਮੁਰਮੂ ਦਾ ਸਮਰਥਨ ਕਰਨ ਲਈ ਸਭ ਤੋਂ ਪਹਿਲਾਂ ਆਈ, ਵਾਈ. ਐੱਸ. ਆਰ.-ਕਾਂਗਰਸ, ਜਿਸ ਕੋਲ ਵੋਟਾਂ ਦਾ ਇਕ ਵੱਡਾ ਹਿੱਸਾ ਸੀ, ਨੇ ਵੀ ਮੁਰਮੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਇਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਮੁਰਮੂ ਨੂੰ ਸਮਰਥਨ ਦੇਣ ਦਾ ਵੱਡਾ ਐਲਾਨ ਕੀਤਾ ਹੈ। ਅਜਿਹੀ ਸੰਭਾਵਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ, ਚੰਦਰਬਾਬੂ ਨਾਇਡੂ ਦੀ ਟੀ. ਡੀ. ਪੀ., ਆਰ. ਐੱਲ. ਪੀ. ਅਤੇ ਕਈ ਅਨਿਸ਼ਚਿਤ ਪਾਰਟੀਆਂ ਵੀ ਮੁਰਮੂ ਨੂੰ ਵੋਟ ਦੇ ਸਕਦੀਆਂ ਹਨ। ਇਸੇ ਦੌਰਾਨ ਜਨਤਾ ਦਲ (ਐੱਸ) ਨੇ ਅੱਜ ਯਸ਼ਵੰਤ ਸਿਨਹਾ ਲਈ ਨਾਮਜ਼ਦਗੀ ਪੱਤਰ ’ਤੇ ਦਸਤਖ਼ਤ ਨਹੀਂ ਕੀਤੇ। ‘ਆਪ’ ਅਤੇ ਝਾਮੁਮੋ ਨੇ ਵੀ ਅਜਿਹਾ ਹੀ ਕੀਤਾ, ਹਾਲਾਂਕਿ ਦੋਵੇਂ 21 ਜੂਨ ਨੂੰ ਸ਼ਰਦ ਪਵਾਰ ਦੇ ਪ੍ਰੋਗਰਾਮ ’ਚ ਮੌਜੂਦ ਸਨ।

ਅੱਜ ਸਿਨਹਾ ਲਈ ਸਿਰਫ਼ 16 ਪਾਰਟੀਆਂ ਨੇ ਹਿੱਸਾ ਲਿਆ ਪਰ ਮੁਰਮੂ ਲਈ ਸਮਰਥਨ ਵਧਦਾ ਜਾ ਰਿਹਾ ਹੈ। ਇੰਨਾ ਹੀ ਨਹੀਂ ਲੋਕ ਸਭਾ ਅਤੇ ਰਾਜ ਸਭਾ ਵਿਚ 3-3 ਆਜ਼ਾਦ ਉਮੀਦਵਾਰ ਵੀ ਮੁਰਮੂ ਦਾ ਸਮਰਥਨ ਕਰ ਸਕਦੇ ਹਨ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਮੁਰਮੂ ਲਈ ਅਜਿਹਾ ਸਮਰਥਨ ਜਾਰੀ ਰਹਿੰਦਾ ਹੈ, ਤਾਂ ਉਨ੍ਹਾਂ ਨੂੰ 2017 ’ਚ ਰਾਮਨਾਥ ਕੋਵਿੰਦ ਨੂੰ ਪ੍ਰਾਪਤ 66.36 ਫੀਸਦੀ ਵੋਟਾਂ ਤੋਂ ਵੱਧ ਵੋਟਾਂ ਮਿਲ ਸਕਦੀਆਂ ਹਨ।


Tanu

Content Editor

Related News