ਬਕਰੀਦ ’ਤੇ ਗਊ ਦੀ ਕੁਰਬਾਨੀ ਨਾ ਦੇਣ ਮੁਸਲਮਾਨ : ਅਜਮਲ
Tuesday, Jul 05, 2022 - 11:22 AM (IST)

ਗੁਹਾਟੀ– ਮੁੱਖ ਇਸਲਾਮੀ ਸੰਗਠਨ ਜਮੀਅਤ ਉਲੇਮਾ ਦੀ ਆਸਾਮ ਇਕਾਈ ਨੇ ਮੁਸਲਮਾਨਾਂ ਨੂੰ ਈਦ-ਉਜ-ਅਜਹਾ ਜਾਂ ਬਕਰੀਦ ’ਤੇ ਗਊਆਂ ਦੀ ਕੁਰਬਾਨੀ ਨਾ ਦੇਣ ਦੀ ਅਪੀਲ ਕੀਤੀ ਹੈ ਤਾਂਕਿ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਨਾ ਵੱਜੇ। ਸੰਗਠਨ ਦੀ ਸੂਬਾ ਇਕਾਈ ਦੇ ਮੁਖੀ ਬਦਰੂਦੀਨ ਅਜਮਲ ਨੇ ਕਿਹਾ ਕਿ ਕੁਰਬਾਨੀ ਇਸ ਤਿਓਹਾਰ ਦਾ ਮਹੱਤਵਪੂਰਨ ਹਿੱਸਾ ਹੈ, ਅਜਿਹੇ ’ਚ ਗਊਆਂ ਤੋਂ ਇਲਾਵਾ ਹੋਰ ਜਾਨਵਰਾਂ ਦੀ ਬਲੀ ਦਿੱਤੀ ਜਾ ਸਕਦੀ ਹੈ।
ਸਿਆਸੀ ਪਾਰਟੀ ‘ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫ੍ਰੰਟ’ (ਏ. ਆਈ. ਯੂ. ਡੀ. ਐੱਫ.) ਦੇ ਪ੍ਰਧਾਨ ਅਜਮਲ ਨੇ ਇਕ ਬਿਆਨ ’ਚ ਕਿਹਾ ਕਿ ਹਿੰਦੂਆਂ ਦਾ ਸਨਾਤਨ ਧਰਮ ਗਊ ਨੂੰ ਮਾਂ ਮੰਨਦਾ ਹੈ ਅਤੇ ਉਸ ਦੀ ਪੂਜਾ ਕਰਦਾ ਹੈ। ਸਾਨੂੰ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਨਹੀਂ ਮਾਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸਲਾਮੀ ਮਦਰਸੇ ਦਾਰੂਲ ਉਲੂਮ ਦੇਵਬੰਦ ਨੇ 2008 ’ਚ ਇਕ ਜਨਤਕ ਅਪੀਲ ਕੀਤੀ ਸੀ ਕਿ ਬਕਰੀਦ ’ਤੇ ਗਊਆਂ ਦੀ ਕੁਰਬਾਨੀ ਨਾ ਦਿੱਤੀ ਜਾਵੇ ਅਤੇ ਉਸ ਨੇ ਇਹ ਦੱਸਿਆ ਸੀ ਕਿ ਇਸ ਗੱਲ ਦਾ ਕੋਈ ਜ਼ਿਕਰ ਜਾਂ ਮਜਬੂਰੀ ਨਹੀਂ ਹੈ ਕਿ ਗਊ ਦੀ ਹੀ ਬਲੀ ਦੇਣੀ ਹੋਵੇਗੀ।