ਜਨਤਾ ਪਰੇਸ਼ਾਨ ਪਰ ''ਹੰਕਾਰੀ ਰਾਜਾ'' ਦੀ ਅਕਸ ਚਮਕਾਉਣ ਲਈ ਅਰਬਾਂ ਰੁਪਏ ਫੂਕ ਰਹੀ ਸਰਕਾਰ : ਰਾਹੁਲ ਗਾਂਧੀ
Tuesday, Aug 02, 2022 - 03:37 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੋਦੀ ਸਰਕਾਰ ਉਸ ਖ਼ਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਉਸ ਦੀ ਤਾਨਾਸ਼ਾਹੀ ਤੋਂ ਡਰਨ ਦੀ ਬਜਾਏ ਉਸ ਖ਼ਿਲਾਫ਼ ਲੜਨ ਦੀ ਜ਼ਰੂਰਤ ਹੈ। ਰਾਹੁਲ ਨੇ ਮੰਗਲਵਾਰ ਨੂੰ ਫੇਸਬੁੱਕ ਪੋਸਟ 'ਤੇ ਆਪਣੇ ਇਕ ਸੰਦੇਸ਼ 'ਚ ਕਿਹਾ ਕਿ ਆਮ ਜਨਤਾ ਕਾਂਗਰਸ ਦੀ ਤਾਕਤ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਸਰਕਾਰ ਵਲੋਂ ਸਤਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਖ਼ੁਦ ਨੂੰ ਇਕੱਲਾ ਸਮਝਣ ਦੀ ਜ਼ਰੂਰਤ ਨਹੀਂ ਹੈ। ਕਾਂਗਰਸ ਉਨ੍ਹਾਂ ਦੀ ਆਵਾਜ਼ ਹੈ ਅਤੇ ਉਨ੍ਹਾਂ ਨਾਲ ਮਿਲ ਕੇ ਲੜਾਈ ਲੜੇਗੀ। ਉਨ੍ਹਾਂ ਕਿਹਾ,''ਤਾਨਾਸ਼ਾਹ ਦੇ ਹਰ ਫਰਮਾਨ ਨਾਲ ਜਨਤਾ ਦੀ ਆਵਾਜ਼ ਦਬਾਉਣ ਦੀ ਹਰ ਕੋਸ਼ਿਸ਼ ਨਾਲ ਅਸੀਂ ਲੜਨਾ ਹੈ। ਤੁਹਾਡੇ ਲਈ, ਮੈਂ ਅਤੇ ਕਾਂਗਰਸ ਪਾਰਟੀ ਲੜਦੇ ਆ ਰਹੇ ਹਨ ਅਤੇ ਅੱਗੇ ਵੀ ਲੜਾਂਗੇ। ਅੱਜ ਦੇਸ਼ 'ਚ ਕਿਹੜੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਹੋਣਾ ਚਾਹੀਦਾ, ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਕਿਉਂਕਿ ਸਰਕਾਰ ਦੀ ਹਰ ਗਲਤ ਨੀਤੀ ਦਾ ਅਸਰ ਤੁਹਾਡੇ ਜੀਵਨ 'ਤੇ ਪੈ ਰਿਹਾ ਹੈ।'' ਰਾਹੁਲ ਨੇ ਕਿਹਾ ਕਿ ਕਾਂਗਰਸ ਸੰਸਦ ਦੇ ਚਾਲੂ ਸੈਸ਼ਨ 'ਚ ਸਰਕਾਰ ਤੋਂ ਜਨਤਾ ਦੇ ਸਵਾਲਾਂ ਦੇ ਜਵਾਬ ਮੰਗਣਾ ਚਾਅ ਰਹੀ ਸੀ ਪਰ ਸਾਰਿਆਂ ਨੇ ਦੇਖਿਆ ਹੈ ਕਿ ਕਿਵੇਂ ਸਰਕਾਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਮੁਅੱਤਲ ਕਰਵਾਇਆ ਅਤੇ ਜਦੋਂ ਕਾਂਗਰਸ ਨੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਇਆ ਗਿਆ।
ਸਦਨ ਮੁਲਤਵੀ ਕਰਵਾਇਆ ਗਿਆ ਅਤੇ ਕੱਲ ਜਦੋਂ ਚਰਚਾ ਹੋਈ ਵੀ ਤਾਂ ਸਰਕਾਰ ਨੇ ਸਾਫ਼ ਕਿਹਾ ਕਿ 'ਮਹਿੰਗਾਈ ਵਰਗੀ ਕੋਈ ਸਮੱਸਿਆ ਹੈ ਹੀ ਨਹੀਂ!'' ਉਨ੍ਹਾਂ ਕਿਹਾ,''ਦੇਸ਼ ਬੇਰੁਜ਼ਗਾਰੀ ਦੀ ਮਹਾਮਾਰੀ ਨਾਲ ਜੂਝ ਰਿਹਾ ਹੈ, ਕਰੋੜਾਂ ਪਰਿਵਾਰਾਂ ਕੋਲ ਸਥਿਰ ਆਮਦਨ ਦਾ ਕੋਈ ਸਾਧਨ ਨਹੀਂ ਬਚਿਆ ਪਰ ਸਰਕਾਰ ਸਿਰਫ਼ ਇਕ 'ਹੰਕਾਰੀ ਰਾਜਾ' ਦੀ ਅਕਸ ਚਮਕਾਉਣ 'ਚ ਅਰਬਾਂ ਰੁਪਏ ਫੂਕ ਰਹੀ ਹੈ। ਮਹਿੰਗਾਈ ਅਤੇ 'ਗੱਬਰ ਸਿੰਘ ਟੈਕਸ' ਆਮ ਆਦਮੀ ਦੀ ਆਮਦਨ 'ਤੇ ਸਿੱਧਾ ਵਾਰ ਹੈ। ਅੱਜ ਦੀ ਹਕੀਕਤ ਇਹ ਹੈ ਕਿ ਆਮ ਇਨਸਾਨ ਆਪਣੇ ਸੁਫ਼ਨਿਆਂ ਲਈ ਨਹੀਂ ਸਗੋਂ 2 ਸਮੇਂ ਦੀ ਰੋਟੀ ਲਈ ਸੰਘਰਸ਼ ਕਰ ਰਿਹਾ ਹੈ।'' ਰਾਹੁਲ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਲੋਕ ਬਿਨਾਂ ਸਵਾਲ ਕੀਤੇ ਤਾਨਾਸ਼ਾਹ ਦੀ ਹਰ ਗੱਲ ਸਵੀਕਾਰ ਕਰਨ। ਉਨ੍ਹਾਂ ਕਿਹਾ,''ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ, ਇਨ੍ਹਾਂ ਤੋਂ ਡਰਨ ਦੀ ਅਤੇ ਤਾਨਾਸ਼ਾਹੀ ਸਹਿਣ ਦੀ ਜ਼ਰੂਰਤ ਨਹੀਂ ਹੈ। ਇਹ ਡਰਪੋਕ ਹਨ, ਤੁਹਾਡੀ ਤਾਕਤ ਅਤੇ ਏਕਤਾ ਤੋਂ ਡਰਦੇ ਹਨ, ਇਸ ਲਈ ਉਨ੍ਹਾਂ 'ਤੇ ਲਗਾਤਾਰ ਹਮਲਾ ਕਰ ਰਹੇ ਹਨ। ਜੇਕਰ ਤੁਸੀਂ ਇਕਜੁਟ ਹੋ ਕੇ ਇਨ੍ਹਾਂ ਦਾ ਸਾਹਮਣਾ ਕਰੋਗੇ ਤਾਂ ਇਹ ਡਰ ਜਾਣਗੇ। ਮੇਰਾ ਤੁਹਾਡੇ ਨਾਲ ਵਾਅਦਾ ਹੈ, ਨਾ ਅਸੀਂ ਡਰਾਂਗੇ ਅਤੇ ਨਾ ਇਨ੍ਹਾਂ ਨੂੰ ਡਰਾਉਣ ਦੇਵਾਂਗੇ।''