ਹੜਤਾਲ ''ਤੇ ਸਰਕਾਰੀ ਡਾਕਟਰ, ਤਿੰਨ ਦਿਨ ਬੰਦ ਰਹਿਣਗੀਆਂ OPD ਸੇਵਾਵਾਂ

Thursday, Mar 27, 2025 - 12:36 PM (IST)

ਹੜਤਾਲ ''ਤੇ ਸਰਕਾਰੀ ਡਾਕਟਰ, ਤਿੰਨ ਦਿਨ ਬੰਦ ਰਹਿਣਗੀਆਂ OPD ਸੇਵਾਵਾਂ

ਪਟਨਾ- ਬਿਹਾਰ ਦੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਅਗਲੇ ਤਿੰਨ ਦਿਨ ਤੱਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਡਾਕਟਰਾਂ ਨੇ ਵੀਰਵਾਰ ਯਾਨੀ ਕਿ ਅੱਜ ਤੋਂ ਤਿੰਨ ਦਿਨ ਦੀ ਹੜਤਾਲ ਸ਼ੁਰੂ ਕੀਤੀ ਹੈ। ਬਿਹਾਰ ਸਿਹਤ ਸੇਵਾਵਾਂ ਐਸੋਸੀਏਸ਼ਨ (BHSA) ਨੇ OPD ਸੇਵਾਵਾਂ ਦਾ ਬਾਈਕਾਟ ਦਾ ਐਲਾਨ ਕੀਤਾ ਹੈ। ਹਾਲਾਂਕਿ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। 

ਬਿਹਾਰ ਸਿਹਤ ਸੇਵਾਵਾਂ ਐਸੋਸੀਏਸ਼ਨ ਵਲੋਂ ਬਾਇਓਮੈਟ੍ਰਿਕ ਹਾਜ਼ਰੀ, ਪ੍ਰਸ਼ਾਸਕੀ ਪਰੇਸ਼ਾਨੀ ਅਤੇ ਸਟਾਫ ਦੀ ਘਾਟ ਵਰਗੇ ਮੁੱਦਿਆਂ ਦੇ ਵਿਰੋਧ ਵਿਚ ਹੜਤਾਲ ਦਾ ਸੱਦਾ ਦਿੱਤਾ ਗਿਆ। ਸੂਬੇ ਭਰ ਵਿਚ  OPD ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਪੇਸ਼ ਆਉਣਗੀਆਂ। ਹੜਤਾਲ ਨਾਲ ਮਰੀਜ਼ਾਂ ਖਾਸ ਕਰਕੇ ਪੇਂਡੂ ਖੇਤਰਾਂ ਦੇ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀ ਹੋਣ ਦੀ ਉਮੀਦ ਹੈ ਜੋ ਸਰਕਾਰੀ ਸਿਹਤ ਸਹੂਲਤਾਂ 'ਤੇ ਨਿਰਭਰ ਹਨ। ਹੜਤਾਲ ਕਾਰਨ ਬਿਹਾਰ ਦੇ ਸਾਰੇ 38 ਜ਼ਿਲ੍ਹਿਆਂ ਵਿਚ ਸਾਰੇ ਮੈਡੀਕਲ ਕਾਲਜਾਂ, ਸਦਰ ਹਸਪਤਾਲਾਂ, ਰੈਫਰਲ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ (CHC) ਅਤੇ ਪ੍ਰਾਇਮਰੀ ਹੈਲਥ ਸੈਂਟਰਾਂ (PHC) ਵਿਚ OPD ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

BHSA ਦੇ ਬੁਲਾਰੇ ਡਾ. ਵਿਨੈ ਕੁਮਾਰ ਮੁਤਾਬਕ ਡਾਕਟਰਾਂ ਦੀ ਸੁਰੱਖਿਆ, ਤਨਖਾਹ ਸੰਬੰਧੀ ਚਿੰਤਾਵਾਂ, ਗ੍ਰਹਿ ਜ਼ਿਲ੍ਹਿਆਂ 'ਚ ਤਾਇਨਾਤੀ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਸਮੇਤ ਮਹੱਤਵਪੂਰਨ ਮੁੱਦਿਆਂ 'ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਸਰਕਾਰ ਨੂੰ ਵਾਰ-ਵਾਰ ਕੀਤੀਆਂ ਗਈਆਂ ਅਪੀਲਾਂ ਦਾ ਜਵਾਬ ਨਹੀਂ ਮਿਲਿਆ ਹੈ। ਸਰਕਾਰ ਸਾਡੀਆਂ ਮੰਗਾਂ 'ਤੇ ਚੁੱਪ ਰਹੀ ਹੈ, ਜਿਸ ਕਾਰਨ ਡਾਕਟਰਾਂ ਨੂੰ ਕੰਮ ਦਾ ਬਾਈਕਾਟ ਕਰਨ ਲਈ ਮਜਬੂਰ ਹੋਣਾ ਪਿਆ ਹੈ। ਅਸੀਂ ਵੀਰਵਾਰ ਤੋਂ ਤਿੰਨ ਦਿਨਾਂ ਲਈ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ।   BHSA ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ 29 ਮਾਰਚ ਤੱਕ ਕੋਈ ਠੋਸ ਹੱਲ ਲੱਭਣ ਵਿਚ ਅਸਫਲ ਰਹਿੰਦੀ ਹੈ, ਤਾਂ ਹੜਤਾਲ ਹੋਰ ਵਧ ਸਕਦੀ ਹੈ। ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਤਾਂ ਅਸੀਂ ਸੂਬੇ ਭਰ ਵਿਚ ਹੜਤਾਲ ਨੂੰ ਤੇਜ਼ ਕਰਾਂਗੇ।


author

Tanu

Content Editor

Related News