ਮੈਡੀਕਲ ਭਾਈਚਾਰੇ ਨੂੰ ਸੁਰੱਖਿਆ ਦੇਣ ਵਾਲਾ ਬਿੱਲ ਰਾਜ ਸਭਾ ''ਚ ਪਾਸ
Saturday, Sep 19, 2020 - 02:28 PM (IST)
ਨਵੀਂ ਦਿੱਲੀ- ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮੀਆਂ ਨਾਲ ਗਲਤ ਵਤੀਰੇ ਨੂੰ ਗੈਰ-ਜ਼ਮਾਨਤੀ ਅਪਰਾਧ ਬਣਾਉਣ ਅਤੇ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਦੇ ਨੁਕਸਾਨ ਦੀ ਭਰਪਾਈ ਦੀ ਵਿਵਸਥਾ ਕਰਨ ਵਾਲੇ ਮਹਾਮਾਰੀ (ਸੋਧ) ਬਿੱਲ 2020 ਨੂੰ ਸ਼ਨੀਵਾਰ ਨੂੰ ਰਾਜ ਸਭਾ ਨੇ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਇਹ ਬਿੱਲ ਇਸ ਸੰਬੰਧ 'ਚ ਜਾਰੀ ਕੀਤੇ ਗਏ ਆਰਡੀਨੈਂਸ ਦਾ ਸਥਾਨ ਲਵੇਗਾ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਸਦਨ 'ਚ ਇਸ ਬਿੱਲ 'ਤੇ ਚੱਲੀ ਇਕ ਘੰਟੇ ਦੀ ਬਹਿਸ ਦਾ ਉੱਤਰ ਦਿੰਦੇ ਹੋਏ ਕਿਹਾ ਕਿ ਸਰਕਾਰ ਆਤਮਨਿਰਭਰ ਭਾਰਤ ਮੁਹਿੰਮ ਦੇ ਅਧੀਨ ਇਕ ਰਾਸ਼ਟਰੀ ਸਿਹਤ ਨੀਤੀ ਤਿਆਰ ਕਰ ਰਹੀ ਹੈ ਅਤੇ ਇਸ ਸੰਬੰਧ 'ਚ ਸੂਬਿਆਂ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਹੁਣ ਤੱਕ 14 ਸੂਬਿਆਂ ਦੇ ਸੁਝਾਅ ਮਿਲ ਚੁਕੇ ਹਨ।
ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਨੀਤੀ ਤਿਆਰ ਹੋਵੇਗੀ ਤਾਂ ਇਸ ਨੂੰ ਸਦਨ ਦੇ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਬਿੱਲ 'ਚ ਮੈਡੀਕਲ ਭਾਈਚਾਰੇ ਨੂੰ ਸੁਰੱਖਿਆ ਦੇਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਨਾਲ ਕੁੱਟਮਾਰ ਅਤੇ ਗਲਤ ਵਤੀਰੇ ਨੂੰ ਗੈਰ-ਜ਼ਮਾਨਤੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸਿਹਤ ਸੇਵਾਵਾਂ ਦੇ ਯੰਤਰਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਤੋਂ ਬਜ਼ਾਰ ਤੋਂ ਦੁੱਗਣੀ ਕੀਮਤ ਵਸੂਲਣ ਦੀ ਵਿਵਸਥਾ ਕੀਤੀ ਗਈ ਹੈ। ਇਸ ਲਈ ਇਹ ਪ੍ਰਬੰਧ ਕੀਤੇ ਗਏ ਹਨ। ਡਾ. ਹਰਸ਼ਵਰਧਨ ਨੇ ਕਿਹਾ ਕਿ ਮੈਡੀਕਲ ਭਾਈਚਾਰੇ ਦੀ ਸੁਰੱਖਿਆ ਲਈ ਆਈ.ਪੀ.ਸੀ. ਅਤੇ ਅਪਰਾਧਕ ਸਜ਼ਾ 'ਚ ਪ੍ਰਬੰਧ ਹਨ। ਇਸ ਤੋਂ ਇਲਾਵਾ ਸਰਕਾਰ ਮੈਡੀਕਲ ਭਾਈਚਾਰੇ ਦੀ ਆਰਥਿਕ ਸਮਾਜਿਕ ਸੁਰੱਖਿਆ ਲਈ ਵੀ ਵਚਨਬੱਧ ਹੈ।