ਡਾਕਟਰਾਂ ਨੇ ਮ੍ਰਿਤ ਐਲਾਨ 2 ਘੰਟੇ ਡੀਪ ਫ੍ਰੀਜਰ ''ਚ ਰੱਖਿਆ, ਸ਼ਮਸ਼ਾਨ ਘਾਟ ''ਚ ਚਿਖਾ ''ਤੇ ਜ਼ਿੰਦਾ ਹੋਇਆ ਸ਼ਖ਼ਸ
Friday, Nov 22, 2024 - 04:56 PM (IST)
ਨੈਸ਼ਨਲ ਡੈਸਕ- ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਸ਼ਖ਼ਸ ਨੂੰ ਸ਼ਮਸ਼ਾਨ ਘਾਟ ਲਿਜਾਇਆ ਗਿਆ ਪਰ ਚਿਖਾ 'ਤੇ ਰੱਖਦੇ ਹੀ ਉਹ ਜ਼ਿੰਦਾ ਹੋ ਗਿਆ। ਇਹ ਘਟਨਾ ਲੋਕਾਂ ਲਈ ਹੈਰਾਨੀ ਅਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਰਾਜਸਥਾਨ ਦੇ ਝੁੰਝੁਨੂੰ ਦੇ ਇਕ ਸ਼ੈਲਟਰ ਹੋਮ 'ਚ ਰਹਿਣ ਵਾਲੇ ਰੋਹਿਤਾਸ਼ ਦੀ ਸਿਹਤ ਅਚਾਨਕ ਵਿਗੜ ਗਈ। ਰੋਹਿਤਾਸ਼ ਦਿਵਿਆਂਗ ਹੈ ਅਤੇ ਲੰਬੇ ਸਮੇਂ ਤੋਂ ਇਸ ਸ਼ੈਲਟਰ ਹੋਮ 'ਚ ਰਹਿ ਰਿਹਾ ਸੀ। ਸਿਹਤ ਵਿਗੜਨ 'ਤੇ ਉਸ ਨੂੰ ਝੁੰਝੁਨੂੰ ਦੇ ਬੀਡੀਕੇ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਲਾਸ਼ ਨੂੰ ਮੁਰਦਾਘਰ 'ਚ ਸ਼ਿਫਟ ਕਰ ਦਿੱਤਾ, ਜਿੱਥੇ ਉਸ ਨੂੰ ਲਗਭਗ 2 ਘੰਟੇ ਤੱਕ ਡੀਪ ਫ੍ਰੀਜਰ 'ਚ ਰੱਖਿਆ ਗਿਆ। ਬਾਅਦ 'ਚ ਪੁਲਸ ਨੂੰ ਬੁਲਾ ਕੇ ਪੰਚਨਾਮਾ ਬਣਾਇਆ ਗਿਆ ਅਤੇ ਲਾਸ਼ ਨੂੰ 'ਮਾਂ ਸੇਵਾ ਸੰਸਥਾ' ਦੇ ਅਹੁਦਿਆਂ ਨੂੰ ਸੌਂਪ ਦਿੱਤਾ ਗਿਆ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਲਾਸ਼ ਨੂੰ ਐਂਬੂਲੈਂਸ ਰਾਹੀਂ ਸ਼ਮਸ਼ਾਨ ਘਾਟ ਲਿਜਾਇਆ ਅਤੇ ਚਿਖਾ 'ਤੇ ਰੱਖਿਆ ਗਿਆ। ਉਦੋਂ ਅਚਾਨਕ ਲੋਕਾਂ ਨੇ ਦੇਖਿਆ ਕਿ ਰੋਹਿਤਾਸ਼ ਦੇ ਸਰੀਰ 'ਚ ਹਰਕਤ ਹੋ ਰਹੀ ਹੈ ਅਤੇ ਉਸ ਦੇ ਸਾਹ ਚੱਲ ਰਹੇ ਹਨ। ਇਹ ਦੇਖ ਕੇ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ ਅਤੇ ਤੁਰੰਤ ਹੀ ਐਂਬੂਲੈਂਸ ਬੁਲਾ ਕੇ ਰੋਹਿਤਾਸ਼ ਨੂੰ ਵਾਪਸ ਬੀਡੀਕੇ ਹਸਪਤਾਲ ਲਿਜਾਇਆ ਗਿਆ। ਹਸਪਤਾਲ 'ਚ ਰੋਹਿਤਾਸ਼ ਨੂੰ ਆਈਸੀਯੂ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਕਲੈਕਟਰ ਰਾਮਅਵਤਾਰ ਮੀਣਾ ਨੇ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਪੀ.ਐੱਮ.ਓ. ਤੋਂ ਰਿਪੋਰਟ ਤਲਬ ਕੀਤੀ ਹੈ ਅਤੇ ਮੈਡੀਕਲ ਡਿਪਾਰਟਮੈਂਟ ਦੇ ਸਕੱਤਰ ਨੂੰ ਵੀ ਘਟਨਾ ਦੀ ਜਾਣਕਾਰੀ ਦਿੱਤੀ। ਜ਼ਿਲ੍ਹਾ ਕਲੈਕਟਰ ਦੀ ਰਿਪੋਟਰ ਤੋਂ ਬਾਅਦ ਤਿੰਨ ਡਾਕਟਰਾਂ 'ਤੇ ਕਾਰਵਾਈ ਕੀਤੀ ਗਈ ਹੈ। ਬੀਡੀਕੇ ਹਸਪਤਾਲ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਸੰਦੀਪ ਪਚਾਰ, ਡਾ. ਯੋਗੇਸ਼ ਜਾਖੜ ਅਤੇ ਡਾ. ਨਵਨੀਤ ਮੀਲ ਨੂੰ ਸਸਪੈਂਡ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8