ਦੋਸ਼ੀ ਨੂੰ ਫੜਨ ਲਈ 8 ਕਿਲੋਮੀਟਰ ਦੌੜਿਆ ਕੁੱਤਾ, ਬਚਾਈ ਔਰਤ ਦੀ ਜਾਨ
Friday, Jul 19, 2024 - 07:58 PM (IST)
ਨੈਸ਼ਨਲ ਡੈਸਕ- ਕਰਨਾਟਕ ਦੇ ਦਾਵਣਗੇਰੇ ਤੋਂ ਇਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਦਾਵਣਗੇਰੇ 'ਚ ਇਕ ਦੋਸ਼ੀ ਨੂੰ ਫੜਨ ਲਈ ਮੋਹਲੇਧਾਰ ਮੀਂਹ 'ਚ ਇਕ ਕੁੱਤੇ ਨੇ ਕਰੀਬ 8 ਕਿਲੋਮੀਟਰ ਤਕ ਪਿੱਛਾ ਕੀਤਾ। ਇਸ ਦੌਰਾਨ ਕੁੱਤੇ ਨੇ ਇਕ ਔਰਤ ਦੀ ਜਾਨ ਬਚਾਈ ਅਤੇ ਦੋਸ਼ੀ ਦਾ ਪਤਾ ਲਗਾਉਣ 'ਚ ਅਹਿਮ ਭੂਮਿਕਾ ਨਿਭਾਈ। ਦਰਅਸਲ, ਵੀਰਵਾਰ ਨੂੰ ਚੰਨਾਗਿਰੀ ਤਾਲੁਕ ਦੇ ਸੰਤੇਬੇਨੂਰ 'ਚ ਪੈਟਰੋਲ ਪੰਪ ਦੇ ਕੋਲ ਬਾਡਾ ਰੋਡ 'ਤੇ ਇਕ ਵਿਅਕਤੀ ਦੀ ਲਾਸ਼ ਮਿਲੀ ਸੀ। ਗਸ਼ਤ ਕਰ ਰਹੀ ਟੀਮ ਨੇ ਲਾਸ਼ ਦੇਖ ਕੇ ਥਾਣਾ ਸਦਰ ਦੀ ਪੁਲਸ ਨੂੰ ਸੂਚਨਾ ਦਿੱਤੀ।
ਐੱਸ.ਪੀ. ਉਮਾ ਪ੍ਰਸ਼ਾਂਤ ਨੇ ਤੁੰਗਾ 2 ਅਤੇ ਇਸ ਦੇ ਹੈਂਡਲਰ ਕਾਂਸਟੇਬਲ ਸ਼ਫੀ ਅਤੇ ਹੋਰ ਪੁਲਸ ਕਰਮਚਾਰੀਆਂ ਨੂੰ ਮੌਕੇ 'ਤੇ ਭੇਜਿਆ। ਡੋਬਰਮੈਨ ਨੇ ਪੀੜਤਾ ਦੀ ਜੈਕੇਟ ਨੂੰ ਸੁੰਘੀ ਅਤੇ ਚੰਨਾਪੁਰਾ ਵੱਲ ਭੱਜਿਆ। ਤੁੰਗਾ 2 ਅਤੇ ਇਸ ਦਾ ਹੈਂਡਲਰ ਬਿਨਾਂ ਰੁਕੇ 8 ਕਿਲੋਮੀਟਰ ਤੱਕ ਦੌੜਦਾ ਰਿਹਾ। ਫਿਰ ਕੁੱਤਾ ਇਕ ਘਰ ਦੇ ਕੋਲ ਰੁਕਿਆ, ਜਿੱਥੇ ਬਹੁਤ ਹੀ ਰੌਲਾ-ਰੱਪਾ ਸੁਣਾਈ ਦਿੱਤਾ।
ਪੁਲਸ ਨੇ ਘਰ ਵਿਚ ਦਾਖਲ ਹੋ ਕੇ ਦੇਖਿਆ ਕਿ ਇਕ ਵਿਅਕਤੀ ਇਕ ਔਰਤ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਸੀ। ਦਰਅਸਲ, ਔਰਤ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਹ ਬੇਹੋਸ਼ ਹੋਣ ਦੀ ਕਗਾਰ 'ਤੇ ਸੀ। ਤੁੰਗਾ 2 ਦੀ ਚੌਕਸੀ ਕਾਰਨ ਔਰਤ ਦੀ ਮੌਤ ਹੋਣ ਤੋਂ ਟਲ ਗਈ, ਜਿਸ ਦੀ ਪਛਾਣ ਰੂਪਾ ਵਜੋਂ ਹੋਈ। ਪੁਲਸ ਨੇ ਰੰਗਾਸਵਾਮੀ ਨਾਂ ਦੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜਾਂਚ ਕਰਨ 'ਤੇ ਪਤਾ ਲੱਗਾ ਕਿ ਉਹ ਜਿਸ ਕਾਤਲ ਦੀ ਭਾਲ ਕਰ ਰਹੇ ਸਨ, ਉਹ ਰੰਗਾਸਵਾਮੀ ਹੀ ਸੀ। ਸੜਕ ਕਿਨਾਰੇ ਮਿਲੀ ਲਾਸ਼ ਸੰਤਬੇਨੂਰ ਦੇ 33 ਸਾਲਾ ਸੰਤੋਸ਼ ਦੀ ਹੈ। ਸੰਤੋਸ਼ ਨੂੰ ਰੰਗਾਸਵਾਮੀ ਨੇ ਪੈਟਰੋਲ ਪੰਪ ਨੇੜੇ ਹਾਈਵੇ 'ਤੇ ਕੁਹਾੜੀ ਨਾਲ ਵਾਰ ਕਰਕੇ ਮਾਰ ਦਿੱਤਾ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਸੰਤੋਸ਼ ਦਾ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸੀ।