ਬੇਸੁਆਦੇ ''ਕਬਾਬ'' ਤੋਂ ਭੜਕੇ ਰੱਈਸਜ਼ਾਦਿਆਂ ਨੇ ਸ਼ੈੱਫ ਨੂੰ ਮਾਰੀ ਗੋਲੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
Thursday, May 04, 2023 - 06:07 PM (IST)
ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਦੇ ਪ੍ਰੇਮ ਨਗਰ 'ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਦਰਅਸਲ ਕਬਾਬ ਦਾ ਜ਼ਾਇਕਾ (ਸੁਆਦ) ਠੀਕ ਨਾ ਹੋਣ ਤੋਂ ਨਾਰਾਜ਼ ਲੋਕਾਂ ਨੇ ਇਸ ਨੂੰ ਬਣਾਉਣ ਵਾਲੇ ਸ਼ੈੱਫ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਵਧੀਕ ਪੁਲਸ ਸੁਪਰਡੈਂਟ ਰਾਹੁਲ ਭਾਟੀ ਨੇ ਵੀਰਵਾਰ ਨੂੰ ਦੱਸਿਆ ਕਿ ਪ੍ਰੇਮ ਨਗਰ ਥਾਣਾ ਖੇਤਰ ਦੇ ਅਧੀਨ ਪੈਂਦੇ ਪ੍ਰਿਯਦਰਸ਼ਨੀ ਨਗਰ 'ਚ ਕਬਾਬ ਦੀ ਇਕ ਪੁਰਾਣੀ ਦੁਕਾਨ ਹੈ। ਬੁੱਧਵਾਰ ਦੇਰ ਰਾਤ ਇਕ ਰਾਤ ਲਗਜ਼ਰੀ ਕਾਰ 'ਚ ਆਏ ਦੋ ਲੋਕਾਂ ਨੇ ਦੁਕਾਨ 'ਤੇ ਕਬਾਬ ਖਾਧਾ। ਕਬਾਬ ਖਾਣ ਮਗਰੋਂ ਦੋਹਾਂ ਨੇ ਦੁਕਾਨ ਦੇ ਮਾਲਕ ਅੰਕੁਰ ਸਬਰਵਾਲ ਤੋਂ ਕਬਾਬ ਦਾ ਜ਼ਾਇਕਾ ਠੀਕ ਨਾ ਹੋਣ ਦੀ ਸ਼ਿਕਾਇਤ ਕੀਤੀ।
ਇਹ ਵੀ ਪੜ੍ਹੋ- ਦਿੱਲੀ 'ਚ ਮੌਸਮ ਦਾ ਵੱਖਰਾ ਮਿਜਾਜ਼; 1901 ਤੋਂ ਬਾਅਦ ਮਈ ਮਹੀਨੇ ਦੀ ਸਭ ਤੋਂ ਠੰਡੀ ਸਵੇਰ, ਛਾਈ ਧੁੰਦ
ਸ਼ਰਾਬ ਦੇ ਨਸ਼ੇ ਵਿਚ ਧੁੱਤ ਦੋਹਾਂ ਵਿਅਕਤੀਆਂ ਨੇ ਵਿਵਾਦ ਵਧਣ 'ਤੇ ਅੰਕੁਰ ਨਾਲ ਕੁੱਟਮਾਰ ਕੀਤੀ ਅਤੇ ਆਪਣੀ ਕਾਰ ਵਿਚ ਬੈਠ ਗਏ। ਪੁਲਸ ਅਧਿਕਾਰੀ ਭਾਟੀ ਨੇ ਦੱਸਿਆ ਕਿ ਦੁਕਾਨਦਾਰ ਅੰਕੁਰ ਸਬਰਵਾਲ ਮੁਤਾਬਕ ਉਸ ਨੇ ਕਬਾਬ ਬਣਾਉਣ ਵਾਲੇ ਸ਼ੈੱਫ ਨਸੀਰ ਅਹਿਮਦ ਨੂੰ ਬਿੱਲ ਦੇ 120 ਰੁਪਏ ਲੈਣ ਲਈ ਕਾਰ ਸਵਾਰਾਂ ਕੋਲ ਭੇਜਿਆ। ਪੈਸੇ ਮੰਗਣ 'ਤੇ ਕਾਰ ਸਵਾਰ ਦੋਹਾਂ ਲੋਕਾਂ ਨੇ ਅਹਿਮਦ ਨੂੰ ਗਾਲ੍ਹਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ। ਭਾਟੀ ਮੁਤਾਬਕ ਇਸ ਦਰਮਿਆਨ ਉਨ੍ਹਾਂ 'ਚੋਂ ਇਕ ਨੌਜਵਾਨ ਨੇ ਅਹਿਮਦ ਦੀ ਕੰਨਪਟੀ 'ਤੇ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪਹਿਲਵਾਨਾਂ ਦਾ ਧਰਨਾ ਪ੍ਰਦਰਸ਼ਨ; ਜੰਤਰ-ਮੰਤਰ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਕਰਮੀ ਤਾਇਨਾਤ, ਬੈਰੀਕੇਡਜ਼ ਲਾਏ
ਘਟਨਾ ਮਗਰੋਂ ਮੁਲਜ਼ਮ ਕਾਰ ਲੈ ਕੇ ਫ਼ਰਾਰ ਹੋ ਗਏ। ਵਧੀਕ ਪੁਲਸ ਸੁਪਰਡੈਂਟ ਭਾਟੀ ਨੇ ਦੱਸਿਆ ਕਿ ਘਟਨਾ ਦੌਰਾਨ ਦੁਕਾਨ ਦੇ ਹੋਰ ਕਰਮੀਆਂ ਨੇ ਕਾਰ ਦੀ ਫੋਟੋ ਖਿੱਚ ਲਈ ਸੀ। ਕਾਰ ਦੇ ਨੰਬਰ ਦੇ ਆਧਾਰ 'ਤੇ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਹ ਗੱਡੀ ਉੱਤਰਾਖੰਡ ਦੇ ਕਾਸ਼ੀਪੁਰ ਦੀ ਹੈ। ਪੁਲਸ ਅਣਪਛਾਤੇ ਹਮਲਾਵਰਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਅਹਿਮਦ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਬੇਅੰਤ ਸਿੰਘ ਕਤਲ ਮਾਮਲਾ: ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਲੈ ਕੇ SC ਦਾ ਵੱਡਾ ਫ਼ੈਸਲਾ