DMK ਨਾਲ ਹੱਥ ਮਿਲਾਏਗੀ BJP ! ਤਾਮਿਲਨਾਡੂ ''ਚ ਬਦਲ ਸਕਦੀ ਹੈ ਸਿਆਸੀ ਤਸਵੀਰ
Tuesday, Jun 16, 2026 - 12:31 PM (IST)
ਨੈਸ਼ਨਲ ਡੈਸਕ- ਤਾਮਿਲਨਾਡੂ 'ਚ ਹਾਲ ਹੀ ਦੇ ਦਿਨਾਂ 'ਚ ਹੋਏ ਦੋ ਵੱਡੇ ਸਿਆਸੀ ਉਲਟਫੇਰਾਂ ਨੇ ਸੂਬੇ ਦੇ ਸਮੀਕਰਨ ਪੂਰੀ ਤਰ੍ਹਾਂ ਬਦਲ ਦਿੱਤੇ ਹਨ। ਪਹਿਲਾ ਵੱਡਾ ਬਦਲਾਅ ਇਹ ਹੋਇਆ ਹੈ ਕਿ ਕਾਂਗਰਸ ਨਾਲ ਮਤਭੇਦਾਂ ਤੋਂ ਬਾਅਦ DMK ਨੇ ਇੰਡੀਆ ਗਠਜੋੜ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਦੂਜਾ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕੇ. ਅੰਨਾਮਲਾਈ ਨੇ ਪਾਰਟੀ ਛੱਡ ਕੇ ਆਪਣਾ ਨਵੀਂ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਬਦਲਾਵਾਂ ਦਾ ਅਸਰ 2029 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਤੇ ਸਿੱਧੇ ਤੌਰ 'ਤੇ ਹੋਵੇਗਾ।
ਤਾਮਿਲਨਾਡੂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਜਿੱਥੇ ਪਿਛਲੇ 60 ਸਾਲਾਂ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਸੂਬੇ ਦੀਆਂ ਦੋ ਮੁੱਖ ਪਾਰਟੀਆਂ- DMK ਅਤੇ AIADMK ਦੋਵੇਂ ਹੀ ਸੱਤਾ ਤੋਂ ਬਾਹਰ ਹੋ ਗਈਆਂ ਹਨ। ਸੂਬੇ ਦੀ ਵਾਗਡੋਰ ਸੁਪਰਸਟਾਰ ਤੋਂ ਰਾਜਨੇਤਾ ਬਣੇ ਸੀ. ਜੋਸਫ਼ ਵਿਜੇ ਦੀ ਨਵੀਂ ਪਾਰਟੀ TVK ਦੇ ਹੱਥਾਂ 'ਚ ਚਲੀ ਗਈ ਹੈ। ਕਾਂਗਰਸ ਨੇ TVK ਪਾਰਟੀ ਨੂੰ ਸਮਰਥਨ ਦੇ ਦਿੱਤਾ ਹੈ, ਜਿਸ ਕਾਰਨ ਨਾਰਾਜ਼ ਹੋ ਕੇ DMK ਨੇ ਕਾਂਗਰਸ ਵਾਲੇ ਗਠਜੋੜ ਨੂੰ ਅਲਵਿਦਾ ਕਹਿ ਦਿੱਤਾ ਹੈ।
ਕਾਂਗਰਸ ਨਾਲੋਂ ਨਾਤਾ ਤੋੜਨ ਤੋਂ ਬਾਅਦ ਹੁਣ DMK ਇੱਕ ਨਵਾਂ 'ਥਰਡ ਫਰੰਟ' ਤਿਆਰ ਕਰਨ ਦੀ ਫਿਰਾਕ 'ਚ ਹੈ। ਇਸ ਲਈ ਉਹ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (AAP) ਤੋਂ ਇਲਾਵਾ ਲਾਲੂ ਪ੍ਰਸਾਦ ਯਾਦਵ ਦੀ RJD ਅਤੇ ਖੱਬੇ ਪੱਖੀ ਪਾਰਟੀਆਂ ਨਾਲ ਲਗਾਤਾਰ ਸੰਪਰਕ ਸਾਧ ਰਹੀ ਹੈ।
ਇਹ ਵੀ ਪੜ੍ਹੋ- ਸ਼ੁਕਰ ਆ, ਜੰਗ ਰੁਕੀ ! ਮੰਨ ਗਿਆ ਇਰਾਨ, ਜਾਣੋ ਕਿਹੜੀ-ਕਿਹੜੀ ਸ਼ਰਤ 'ਤੇ ਹੋਇਆ ਸਮਝੌਤਾ
ਦੂਜੇ ਪਾਸੇ, ਭਾਜਪਾ ਵਿਰੋਧੀ ਗਠਜੋੜ 'ਚ ਪਈ ਇਸ ਤ੍ਰੇੜ ਦਾ ਪੂਰਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਭਾਜਪਾ ਹੁਣ ਸੰਸਦ ਵਿੱਚ ਹਲਕਾਬੰਦੀ ਅਤੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਪਾਸ ਕਰਵਾਉਣ ਲਈ DMK ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ DMK ਨੇ ਇਸ ਬਿੱਲ ਦਾ ਵਿਰੋਧ ਕੀਤਾ ਸੀ। ਪਰ ਹੁਣ ਭਾਜਪਾ ਬਿੱਲ ਵਿੱਚ ਕੁਝ ਬਦਲਾਅ ਕਰ ਕੇ DMK ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਭਾਜਪਾ ਇਸ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ ਤਾਮਿਲਨਾਡੂ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਣਗੇ।
ਜ਼ਿਕਰਯੋਗ ਹੈ ਕਿ ਤਾਮਿਲਨਾਡੂ 'ਚ ਆਪਣੀ ਪੁਰਾਣੀ ਸਹਿਯੋਗੀ ਪਾਰਟੀ AIADMK ਦੀ ਮਾੜੀ ਹਾਲਤ ਕਾਰਨ ਭਾਜਪਾ ਚਿੰਤਾ ਵਿੱਚ ਹੈ। ਈ.ਕੇ. ਪਲਾਨੀਸਵਾਮੀ ਦੀ ਅਗਵਾਈ ਵਿੱਚ AIADMK ਲਗਾਤਾਰ ਦੂਜੀ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੀ ਹੈ ਅਤੇ ਇਸ ਵਾਰ 234 ਵਿੱਚੋਂ ਸਿਰਫ਼ 47 ਸੀਟਾਂ ਹੀ ਜਿੱਤ ਸਕੀ ਹੈ, ਜੋ ਪਿਛਲੇ 30 ਸਾਲਾਂ ਵਿੱਚ ਉਸ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਹੈ। ਇੰਨਾ ਹੀ ਨਹੀਂ, ਚੋਣ ਨਤੀਜਿਆਂ ਤੋਂ ਬਾਅਦ AIADMK ਦੇ 47 ਵਿੱਚੋਂ 25 ਵਿਧਾਇਕਾਂ ਨੇ ਵਿਜੇ ਦੀ ਪਾਰਟੀ TVK ਨੂੰ ਸਮਰਥਨ ਦੇ ਦਿੱਤਾ ਹੈ। ਪਾਰਟੀ ਦੇ ਅੰਦਰ ਚੱਲ ਰਹੀ ਇਸ ਵੱਡੀ ਬਗਾਵਤ ਕਾਰਨ ਹੁਣ ਕੇਂਦਰੀ ਐੱਨ.ਡੀ.ਏ. ਗਠਜੋੜ ਦੱਖਣ 'ਚ ਆਪਣੇ ਲਈ ਨਵੇਂ ਸਿਆਸੀ ਵਿਕਲਪ ਲੱਭ ਰਿਹਾ ਹੈ, ਜਿਸ ਮਗਰੋਂ ਇਹ ਚਰਚਾ ਛਿੜ ਗਈ ਹੈ ਕਿ NDA ਹੁਣ DMK ਨਾਲ ਹੱਥ ਮਿਲਾ ਸਕਦੀ ਹੈ।
ਇਹ ਵੀ ਪੜ੍ਹੋ- 'ਹਾਲੇ ਖ਼ਤਮ ਨਹੀਂ ਹੋਈ ਜੰਗ..!' ਇਜ਼ਰਾਈਲੀ PM ਨੇ ਦੇ'ਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
