ਸ਼ਿਵ ਕੁਮਾਰ ਬੋਲੇ-ਪੂਰੇ ਕਰਨਾਟਕ ’ਚ ਬਣਾਵਾਂਗੇ ਹਨੂੰਮਾਨ ਦੇ ਮੰਦਰ

Friday, May 05, 2023 - 01:28 PM (IST)

ਮੈਸੂਰ- ਆਪਣੇ ਚੋਣ ਮੈਨੀਫੈਸਟੋ ’ਚ ਬਜਰੰਗ ਦਲ ’ਤੇ ਪਾਬੰਦੀ ਲਗਾਉਣ ਦੇ ਐਲਾਨ ਕਰ ਕੇ ਗੁੱਸੇ ਦਾ ਸਾਹਮਣਾ ਕਰ ਰਹੀ ਕਾਂਗਰਸ ਨੇ ਹੁਣ ਨਵਾਂ ਕਦਮ ਚੁੱਕਿਆ ਹੈ। ਪਾਰਟੀ ਨੇ ਹੁਣ ਕਿਹਾ ਹੈ ਕਿ ਜੇਕਰ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਰਨਾਟਕ ’ਚ ਸੱਤਾ ’ਚ ਆਉਂਦੀ ਹੈ ਤਾਂ ਸੂਬੇ ਭਰ ’ਚ ਹਨੂੰਮਾਨ ਮੰਦਰ ਬਣਾਏਗੀ। ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ. ਕੇ. ਸ਼ਿਵਕੁਮਾਰ ਨੇ ਮੈਸੂਰ ਚਾਮੁੰਡੇਸ਼ਵਰੀ ਮੰਦਰ ’ਚ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਪਾਰਟੀ ਕਰਨਾਟਕ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਸਨਮਾਨ ਕਰਨ ਲਈ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਪਹਿਲ ਦੇ ਆਧਾਰ ’ਤੇ ਨਵੇਂ ਆਂਜਨੇਯ ਮੰਦਰਾਂ ਦਾ ਨਿਰਮਾਣ ਕਰੇਗੀ।

ਉਨ੍ਹਾਂ ਕਿਹਾ ਕਿ ਪਾਰਟੀ ਸੂਬੇ ਦੇ ਅਧਿਆਤਮਿਕ ਅਤੇ ਸੱਭਿਆਚਾਰਕ ਉੱਨਤੀ ਲਈ ਭਗਵਾਨ ਆਂਜਨੇਯ ਵੱਲੋਂ ਦਰਸਾਏ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਵੀ ਆਯੋਜਿਤ ਕਰੇਗੀ। ਉਨ੍ਹਾਂ ਕਿਹਾ ਕਿ ਅੰਜਨਾਦਰੀ ਪਹਾੜੀ ਦੇ ਵਿਕਾਸ ਦੀ ਨਿਗਰਾਨੀ ਕਰਨ ਅਤੇ ਇਸ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਪਾਰਟੀ ਇਕ ਵਿਸ਼ੇਸ਼ ਬੋਰਡ ਦਾ ਵੀ ਗਠਨ ਕਰੇਗੀ। ਇਸ ਤੋਂ ਪਹਿਲਾਂ, ਆਪਣੇ ਐਲਾਨ ਦੇ ਉਲਟ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਵੀਰੱਪਾ ਮੋਇਲੀ ਨੇ ਕਿਹਾ ਕਿ ਬਜਰੰਗ ਦਲ ’ਤੇ ਪਾਬੰਦੀ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਕੇਂਦਰ ਸਰਕਾਰ ਨੂੰ ਛੱਡ ਕੇ ਸੂਬਾ ਸਰਕਾਰਾਂ ਕੋਲ ਸੰਗਠਨ ’ਤੇ ਪਾਬੰਦੀ ਲਗਾਉਣ ਦਾ ਅਧਿਕਾਰ ਨਹੀਂ ਹੈ।


Rakesh

Content Editor

Related News